ਅੰਮ੍ਰਿਤਸਰ : ਅਸਾਲਟ ਰਾਈਫਲਾਂ ਮੰਗਵਾਉਣ ਦੇ ਕੇਸ ਦਾ ਭਗੌੜਾ ਯੋਗਰਾਜ ਸਿੰਘ ਭਾਰੀ ਮਾਤਰਾ ‘ਚ ਹਥਿਆਰਾਂ ਸਣੇ ਕਾਬੂ

0
496

ਅੰਮ੍ਰਿਤਸਰ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਅੱਜ ਯੋਗਰਾਜ ਸਿੰਘ ਨੂੰ ਭਾਰੀ ਮਾਤਰਾ ‘ਚ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਹੈ। ਪੁਲਿਸ ਦੀਆਂ ਕਈ ਟੀਮਾਂ ਯੋਗਰਾਜ ਕੋਲੋਂ ਪੁੱਛਗਿੱਛ ‘ਚ ਲੱਗ ਗਈਆਂ ਹਨ। ਯੋਗਰਾਜ 2019 ਤੋਂ ਪੰਜਾਬ ਪੁਲਿਸ ਸਮੇਤ ਹੋਰ ਕਈ ਕੇਂਦਰੀ ਏਜੰਸੀਆਂ ਨੂੰ ਲੋੜੀਂਦਾ ਸੀ। 2019 ‘ਚ ਐਸਐਸਓਸੀ ਵੱਲੋਂ ਸਰਹੱਦੀ ਪਿੰਡ ਮੁਹਾਵਾ ਤੋਂ ਬਰਾਮਦ ਕੀਤੀਆਂ ਪੰਜ ਅਸਾਲਟ ਰਾਈਫਲਾਂ ਦੇ ਮਾਮਲੇ ‘ਚ ਯੋਗਰਾਜ ਉਰਫ ਯੋਗਾ ਵੀ ਨਾਮਜਦ ਸੀ ਤੇ ਉਸ ਵੇਲੇ ਤੋਂ ਫਰਾਰ ਸੀ। ਐਸਐਸਓਸੀ ਨੇ ਉਸ ਵੇਲੇ 20 ਸਾਲਾ ਨੌਜਵਾਨ ਆਕਾਸ਼ ਨਾਮ ਦੇ ਮੁਲਜਮ ਨੂੰ ਗ੍ਰਿਫਤਾਰ ਕੀਤਾ ਸੀ ਤੇ ਯੋਗਰਾਜ ਫਰਾਰ ਹੋ ਗਿਆ ਸੀ। 

ਹਾਸਲ ਜਾਣਕਾਰੀ ਮੁਤਾਬਕ ਸਰਹੱਦੀ ਪਿੰਡ ਰਾਜੋਕੇ ਦੇ ਰਹਿਣ ਵਾਲਾ ਯੋਗਰਾਜ ਪੰਜਾਬ ਪੁਲਿਸ ਕੋਲ ਇਸ ਤੋਂ ਪਹਿਲਾਂ ਪੰਜ ਆਰਮਜ ਐਕਟ ਤੇ ਐਨਡੀਪੀਐਸ ਮਾਮਲਿਆਂ ‘ਚ ਲੋੜੀਂਦਾ ਸੀ ਤੇ ਲੰਬੇ ਸਮੇਂ ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋਂ ਤਸਕਰੀ ਕਰਨ ਕਾਰਨ ਪੰਜਾਬ ਪੁਲਸ ਸਮੇਤ ਕੇਂਦਰੀ ਏਜੰਸੀਆਂ ਕੋਲੋਂ ਲੋੜੀਂਦਾ ਸੀ ਤੇ ਹਾਲ ਹੀ ‘ਚ ਕੈਨੇਡਾ ਬੇਸਡ ਗੈਂਗਸਟਰ ਤੇ ਪਾਕਿਸਤਾਨ ‘ਚ ਬੈਠੇ ਰਿੰਦਾ ਦੇ ਸੰਪਰਕ ‘ਚ ਆਇਆ ਤੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਪਲਾਨਿੰਗ ਤਹਿਤ ਹਥਿਆਰਾਂ ਦੀ ਖੇਪ ਮੰਗਵਾ ਰਹੇ ਸਨ। 

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਾਲ ਹੀ ਸਰਹੱਦੀ ਥਾਣਾ ਲੋਪੋਕੇ ਵਿਖੇ ਲਖਬੀਰ ਸਿੰਘ ਲੰਢੇ ਦੇ ਸਾਥੀਆਂ, ਜੋ ਹਥਿਆਰਾਂ ਤੇ ਨਸ਼ੀਲੇ ਪਦਾਰਥ ਲੈਣ ਆਉਂਦੇ ਸੀ, ਨੂੰ ਪਨਾਹ ਦੇਣ ਦਾ ਪਰਚਾ ਦਰਜ ਕੀਤਾ ਸੀ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਪੈਸ਼ਲ ਸੈੱਲ ਕੋਲ ਪਿਛਲੇ ਕਈ ਦਿਨਾਂ ਤੋਂ ਇਸ ਸੰਭਾਵੀ ਤਸਕਰੀ ਦੀ ਗੁਪਤ ਸੂਚਨਾ ਸੀ ਜਿਸ ਦੀ ਨਿਗਰਾਨੀ ਖੁਦ ਐਸਐਸਪੀ ਸਵਪਨ ਸ਼ਰਮਾ ਕਰ ਰਹੇ ਸਨ। ਇਸ ਦੌਰਾਨ ਅੱਜ ਵੱਡੇ ਤੜਕੇ ਯੋਗਰਾਜ ਨੂੰ ਭਾਰੀ ਮਾਤਰਾ ‘ਚ ਹਥਿਆਰਾਂ ਸਮੇਤ ਕਾਬੂ ਕਰ ਲਿਆ। ਹੁਣ ਪੁਲਿਸ ਦੀਆਂ ਕਈ ਟੀਮਾਂ ਯੋਗਰਾਜ ਕੋਲੋਂ ਪੁੱਛਗਿੱਛ ‘ਚ ਲੱਗ ਗਈਆਂ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਨੇ ਕਿਹਾ ਕਿ ਵਿਸਥਾਰਤ ਜਾਣਕਾਰੀ ਡੀਜੀਪੀ ਸਾਹਿਬ ਹੀ ਸਾਂਝੀ ਕਰਨਗੇ।