ਅੰਮ੍ਰਿਤਸਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਘਣੂਪੁਰ ਨੇੜੇ ਗੁਰਦੁਆਰਾ ਸੰਗਤਸਰ ਦੇ ਮੇਲੇ ਦੀ ਚੱਲ ਰਹੀ ਸੇਵਾ ਦੌਰਾਨ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਪਿੰਡ ਕਾਲੇ ਨੇੜੇ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 25 ਸ਼ਰਧਾਲੂਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਵਿਚ ਇਕੋ ਪਰਿਵਾਰ ਦੇ 15 ਮੈਂਬਰ ਸ਼ਾਮਲ ਹਨ।
ਮ੍ਰਿਤਕ ਦੇ ਭਰਾ ਹਰਦੇਵ ਸਿੰਘ ਅਤੇ ਕੈਪਟਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸੰਗਤਸਰ ਦੇ ਮੇਲੇ ਸਬੰਧੀ ਸੇਵਾ ਚੱਲ ਰਹੀ ਹੈ, ਜਿਸ ਵਿਚ ਉਸ ਦਾ ਭਰਾ ਕਰਨੈਲ ਸਿੰਘ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਬਾਲਣ ਦੀ ਸੇਵਾ ਕਰਨ ਗਿਆ ਸੀ। ਜਦੋਂ ਉਹ ਪਿੰਡ ਵਡਾਲਾ ਦੀ ਸੰਗਤ ਸਮੇਤ ਟਰਾਲੀ ਵਿਚ ਸਵਾਰ ਹੋ ਕੇ ਵਾਪਸ ਆ ਰਹੇ ਸਨ, ਉਦੋਂ ਰਸਤੇ ‘ਚ ਖੇਤਾਂ ਨੇੜੇ ਹਾਈਵੋਲਟੇਜ ਤਾਰਾਂ ਡਿੱਗਣ ਕਾਰਨ ਉਨ੍ਹਾਂ ਦੀ ਟਰਾਲੀ ਲਪੇਟ ਵਿਚ ਆ ਗਈ, ਜਿਸ ਕਾਰਨ ਸਾਰੀ ਸੰਗਤ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਡਰਾਈਵਰ ਨੇ ਕਿਸੇ ਤਰ੍ਹਾਂ ਟਰਾਲੀ ਨੂੰ ਤੇਜ਼ ਕਰਕੇ ਉਥੋਂ ਭਜਾ ਲਿਆ ਪਰ ਉਦੋਂ ਤਕ ਪਿੰਡ ਕਾਲੇ ਵਾਸੀ ਕਰਨੈਲ ਸਿੰਘ ਦੀ ਮੌਤ ਹੋ ਚੁੱਕੀ ਸੀ।
ਕਰਨੈਲ ਸਿੰਘ ਆਪਣੇ ਪਿੱਛੇ ਪਤਨੀ ਨਿਰਮਲ ਕੌਰ, ਪੁੱਤਰ ਲਵਪ੍ਰੀਤ ਸਿੰਘ (15), ਪੁੱਤਰੀ ਮਨਦੀਪ ਕੌਰ (19) ਛੱਡ ਗਿਆ ਹੈ। ਕੈਪਟਨ ਸਿੰਘ ਅਤੇ ਹਰਦੇਵ ਸਿੰਘ ਨੇ ਸਰਕਾਰ ਅਤੇ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਤੋਂ ਮੰਗ ਕੀਤੀ ਕਿ ਮ੍ਰਿਤਕ ਕਰਨੈਲ ਸਿੰਘ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
ਇਸ ਹਾਦਸੇ ਵਿਚ ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਸਮੇਤ 25 ਲੋਕ ਕਰੰਟ ਲੱਗਣ ਨਾਲ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਪੁਲਿਸ ਨੇ ਮ੍ਰਿਤਕ ਕਰਨੈਲ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।