ਝਬਾਲ| ਪਿੰਡ ਗੰਡੀਵਿੰਡ ਵਿਖੇ ਚੱਲ ਰਹੇ ਮੇਲੇ ਦੌਰਾਨ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਗੰਡੀਵਿੰਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਬਾਬਾ ਹੀਰਾ ਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਚੱਲ ਰਿਹਾ ਸੀ।
ਗੁਰਦੁਆਰੇ ਦੇ ਬਾਹਰ ਛਬੀਲ ’ਤੇ ਲੋਕਾਂ ਨੂੰ ਠੰਢਾ ਪਾਣੀ ਪਿਆਉਣ ਦੀ ਸੇਵਾ ਕਰ ਰਹੇ 14 ਸਾਲਾ ਬੱਚੇ ਹਰਮਨ ਸਿੰਘ ਪੁੱਤਰ ਜਰਮਨ ਸਿੰਘ ਨੂੰ ਪੱਖੇ ਦੀ ਤਾਰ ਤੋਂ ਕਰੰਟ ਲੱਗ ਗਿਆ, ਜਿਸ ਨੂੰ ਤੁਰੰਤ ਝਬਾਲ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਬੱਚੇ ਦੀ ਮੌਤ ਹੋ ਗਈ।
ਪਤਾ ਲੱਗਾ ਕਿ ਹਰਮਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੂਸਰੇ ਪਾਸੇ ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਬੱਚੇ ਦੀ ਲਾਸ਼ ਨੂੰ ਮੇਲੇ ਵਾਲੀ ਥਾਂ ’ਤੇ ਰੱਖ ਕੇ ਸ਼੍ਰੋਮਣੀ ਕਮੇਟੀ ਕੋਲੋਂ ਮੁਆਵਜ਼ੇ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ ਜਦੋਂਕਿ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਜਿਨ੍ਹਾਂ ਦੇ ਅਧੀਨ ਇਥੋਂ ਦਾ ਵੀ ਪ੍ਰਬੰਧ ਹੈ, ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮੰਗ ਅਨੁਸਾਰ ਪਰਿਵਾਰ ਦੇ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਮਾਲੀ ਸਹਾਇਤਾ ਵੀ ਕੀਤੀ ਜਾਵੇਗੀ।