ਅੰਮ੍ਰਿਤਸਰ ਵਿੱਚ ਵੀਰਵਾਰ ਰਾਤ ਨੂੰ ਇੱਕ ਇਲੈਕਟ੍ਰੋਨਿਕਸ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ । ਸੇਵਾ ਸਮਿਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ । ਕਰੀਬ 3 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਰਾਤ 1.30 ਵਜੇ ਤੱਕ ਅੱਗ ‘ਤੇ ਕਾਬੂ ਪਾਇਆ ਗਿਆ। ਉੱਥੇ ਹੀ ਗੋਦਾਮ ਦੇ ਮਾਲਕ ਵੱਲੋਂ ਫਾਇਰ ਬ੍ਰਿਗੇਡ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਉਹ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਰਹੇ, ਪਰ 5 ਮਿੰਟ ਦੀ ਦੂਰੀ ਤੋਂ ਵੀ ਗੱਡੀਆਂ ਪਹੁੰਚਣ ਵਿੱਚ ਇੱਕ ਘੰਟੇ ਦਾ ਸਮਾਂ ਲੱਗ ਗਿਆ। ਜਦੋਂ ਤੱਕ ਇਸ ਅੱਗ ‘ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਸੀ
ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਅੰਮ੍ਰਿਤਸਰ ਵਿੱਚ ਗਵਾਲਮੰਡੀ ਨੇੜੇ ਪੁਤਲੀਘਰ 3 ਨੰਬਰ ਗਲੀ ਵਿੱਚ ਇੱਕ ਇਲੈਕਟ੍ਰੋਨਿਕਸ ਸ਼ੋਅਰੂਮ ਦੇ ਪਿੱਛੇ ਬਣੇ ਗੋਦਾਮ ਵਿੱਚ ਲੱਗੀ । ਗੋਦਾਮ ਵਿੱਚ ਕਰੀਬ 10 ਵਜੇ ਅੱਗ ਲੱਗੀ । ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਜਦੋਂ ਅੱਧੇ ਘੰਟੇ ਬਾਅਦ ਵੀ ਗੱਡੀਆਂ ਨਾ ਪੁੱਜੀਆਂ, ਜਿਸ ਤੋਂ ਬਾਅਦ ਸੇਵਾ ਸਮਿਤੀ ਫਾਇਰ ਬ੍ਰਿਗੇਡ ਨਾਲ ਸੰਪਰਕ ਕੀਤਾ ਗਿਆ । ਸੂਚਨਾ ਮਿਲਦਿਆਂ ਹੀ ਸਮਿਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ।
ਅੱਗ ‘ਤੇ ਕਾਬੂ ਪਾਉਣ ਵਾਲੇ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੰਦਰ ਇਲੈਕਟ੍ਰੋਨਿਕਸ ਦਾ ਸਮਾਨ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਸੀ। ਅੰਦਰ ਫਰਿੱਜ, ਐਲ.ਈ.ਡੀ., ਵਾਸ਼ਿੰਗ ਮਸ਼ੀਨ, ਮੋਟਰਸਾਈਕਲ ਅਤੇ ਹੋਰ ਜਲਣਸ਼ੀਲ ਸਮੱਗਰੀ ਪਈ ਹੈ। ਜਿਸ ਕਾਰਨ ਅੱਗ ਭੜਕ ਰਹੀ ਸੀ ।