ਅੰਮ੍ਰਿਤਸਰ : ਗਹਿਣਾ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਕਾਂਗਰਸੀ ਵਿਧਾਇਕ ਬੁਲਾਰੀਆ ਦੇ PA, ASI ਤੇ ਇਕ ਹੋਰ ਨੂੰ ਦੱਸਿਆ ਜ਼ਿੰਮੇਵਾਰ, ਪਰਚਾ ਦਰਜ

0
1215

ਅੰਮ੍ਰਿਤਸਰ | ਮੰਗਲਵਾਰ ਸ਼ਾਮ ਨੂੰ ਗਹਿਣਾ ਕਾਰੋਬਾਰੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਘਟਨਾ ਬੀ-ਡਵੀਜ਼ਨ ਥਾਣੇ ਤੋਂ ਕੁਝ ਦੂਰੀ ‘ਤੇ ਵਾਪਰੀ।

ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਬੱਬੂ ਵਜੋਂ ਹੋਈ ਹੈ। ਪੁਲਿਸ ਨੂੰ ਮਿਲੇ ਸੁਸਾਈਡ ਨੋਟ ‘ਚ ਮ੍ਰਿਤਕ ਨੇ ਕਾਂਗਰਸੀ ਵਿਧਾਇਕ ਬੁਲਾਰੀਆ ਦੇ ਪੀਏ, ਇਕ ਏਐੱਸਆਈ ਤੇ ਇਕ ਹੋਰ ਵਿਅਕਤੀ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਹੈ।

ਉਧਰ, ਏਸੀਪੀ ਮਨਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਘਟਨਾ ਥਾਂ ਤੋਂ ਜ਼ਹਿਰੀਲੇ ਪਦਾਰਥ ਮਿਲੇ ਹਨ।

ਮ੍ਰਿਤਕ ਦੇ ਕਰੀਬੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਚੁੰਗੀ ਵਾਲਾ ਬਾਜ਼ਾਰ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਬੱਬੂ ਤੇ ਉਨ੍ਹਾਂ ਦੇ ਗੁਆਂਢੀ ਹਰਭਜਨ ਸਿੰਘ ‘ਚ ਵਿਵਾਦ ਹੋਇਆ ਸੀ। ਦੋਵਾਂ ਦਾ ਗਹਿਣਿਆਂ ਦਾ ਕਾਰੋਬਾਰ ਹੈ।

ਹਰਭਜਨ ਸਿੰਘ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੇ ਉਸ ਨੇ ਪੁਰਾਣੀ ਰੰਜਿਸ਼ ਕਾਰਨ ਸੁਖਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਉਤੇ ਹਮਲਾ ਕਰ ਦਿੱਤਾ ਸੀ।

ਇਸ ਦੌਰਾਨ ਸੁਖਵਿੰਦਰ ਸਿੰਘ ਦੇ ਘਰ ਦੀ ਭੰਨ-ਤੋੜ ਵੀ ਕੀਤੀ ਗਈ ਸੀ ਪਰ ਹਰਭਜਨ ਸਿੰਘ ਨੇ ਰਾਜਨੀਤਿਕ ਦਬਾਅ ਕਾਰਨ ਸੁਖਵਿੰਦਰ ਸਿੰਘ ਤੇ ਉਸ ਦੇ ਬੇਟੇ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ਼ ਗੰਭੀਰ ਸੱਟਾਂ ਲਾਉਣ ਦੇ ਆਰੋਪ ‘ਚ ਕੇਸ ਦਰਜ ਕਰ ਲਿਆ ਸੀ।

ਇਸ ਸਬੰਧੀ ਹੋਈ ਧੱਕੇਸ਼ਾਹੀ ਨੂੰ ਲੈ ਕੇ ਸੁਖਵਿੰਦਰ ਸਿੰਘ ਦੇ ਪਰਿਵਾਰ ਦੇ ਮੈਬਰਾਂ ਤੇ ਕਰੀਬੀਆਂ ਨੇ ਬੀ-ਡਵੀਜ਼ਨ ਥਾਣੇ ਦੇ ਬਾਹਰ ਪੁਲਿਸ ਖਿਲਾਫ਼ ਧਰਨਾ ਵੀ ਦਿੱਤਾ ਸੀ। ਪੁਲਿਸ ਵੱਲੋਂ ਇਨਸਾਫ਼ ਨਾ ਮਿਲਣ ‘ਤੇ ਗਹਿਣਾ ਕਾਰੋਬਾਰੀ ਸੁਖਵਿੰਦਰ ਸਿੰਘ ਲਗਾਤਾਰ ਦਬਾਅ ਵਿੱਚ ਸੀ।

ਪਰਿਵਾਰ ਦੇ ਕਰੀਬੀਆਂ ਨੇ ਆਰੋਪ ਲਾਇਆ ਕਿ ਮਾਮਲੇ ‘ਚ ਕਾਂਗਰਸੀ ਵਿਧਾਇਕ ਬੁਲਾਰੀਆ ਦਾ ਪੀਏ ਪਰਮਜੀਤ ਸਿੰਘ ਉਰਫ਼ ਪੰਮਾ ਤੇ ਏਐੱਸਆਈ ਨਰਿੰਦਰ ਸਿੰਘ ਸੁਖਵਿੰਦਰ ਸਿੰਘ ਉਤੇ ਲਗਾਤਾਰ ਪੈਸੇ ਦੇ ਕੇ ਸਮਝੌਤੇ ਦਾ ਦਬਾਅ ਬਣਾ ਰਹੇ ਸਨ।

ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਸੀ। ਪ੍ਰੇਸ਼ਾਨ ਹੋ ਕੇ ਸੁਖਵਿੰਦਰ ਸਿੰਘ ਨੇ ਮੰਗਲਵਾਰ ਨੂੰ ਇਕ ਹੋਟਲ ਦੇ ਕਮਰੇ ‘ਚ ਜਾ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮਹੱਤਿਆ ਕਰ ਲਈ।

ਏਸੀਪੀ ਦੇ ਭਰਾ ਦੇ ਹੋਟਲ ’ਚ ਕੀਤੀ ਆਤਮਹੱਤਿਆ

ਗਹਿਣਾ ਕਾਰੋਬਾਰੀ ਸੁਖਵਿੰਦਰ ਸਿੰਘ ਨੇ ਇਕ ਏਸੀਪੀ ਦੇ ਭਰਾ ਦੇ ਹੋਟਲ ‘ਚ ਆਤਮਹੱਤਿਆ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਕ ਸਥਾਨਕ ਵਿਅਕਤੀ ਨੂੰ ਹੋਟਲ ’ਚ ਕਿਸ ਆਧਾਰ ’ਤੇ ਕਮਰਾ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੀ ਲਿਖਿਆ ਸੁਸਾਈਡ ਨੋਟ ‘ਚ

ਸੁਖਵਿੰਦਰ ਸਿੰਘ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ਗੁਆਂਢੀ ਹਰਭਜਨ ਸਿੰਘ ਨਾਲ ਉਨ੍ਹਾਂ ਦਾ ਕਮੇਟੀਆਂ ਦੇ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। 25 ਅਕਤੂਬਰ ਨੂੰ ਇਸੇ ਰੰਜਿਸ਼ ਵਿੱਚ ਹਰਭਜਨ ਸਿੰਘ ਨੇ ਆਪਣੇ ਬੇਟੇ ਜੱਜ, ਗੋਰਾ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ।

ਉਨ੍ਹਾਂ ਦੇ ਦੋਵਾਂ ਬੇਟਿਆਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਗਿਆ ਸੀ। ਘਰ ਦੇ ਬਾਹਰ ਖੜ੍ਹੀ ਐਕਟਿਵਾ ਤੇ ਕਾਰ ਨੂੰ ਵੀ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ। ਬੀ-ਡਵੀਜ਼ਨ ਥਾਣੇ ਵਿੱਚ ਸਾਰੀ ਕਾਰਵਾਈ ਉਨ੍ਹਾਂ ਖਿਲਾਫ਼ ਕਰਵਾ ਦਿੱਤੀ ਗਈ।

ਏਐੱਸਆਈ ਨਰਿੰਦਰ ਸਿੰਘ ਨੇ ਪੈਸੇ ਲੈ ਕੇ ਉਨ੍ਹਾਂ ਖਿਲਾਫ਼ ਝੂਠੀ ਮੈਡੀਕਲ ਰਿਪੋਰਟ ਤਿਆਰ ਕਰਵਾ ਦਿੱਤੀ। ਪੀਏ ਪਰਮਜੀਤ ਸਿੰਘ ਨੇ ਸੋਮਵਾਰ ਦੀ ਸ਼ਾਮ ਐੱਮਐੱਲਏ ਦੇ ਦਫ਼ਤਰ ਵਿੱਚ ਸੱਦ ਕੇ ਉਨ੍ਹਾਂ ਨੂੰ ਧਮਕਾਇਆ।

ਸੁਖਵਿੰਦਰ ਸਿੰਘ ਨੂੰ ਕਿਹਾ ਗਿਆ ਕਿ ਉਹ ਹਰਭਜਨ ਸਿੰਘ ਨੂੰ ਪੈਸੇ ਦੇਵੇ ਤੇ ਉਸ (ਪੀਏ) ਨੂੰ ਵੀ ਕੁਝ ਪੈਸੇ ਦੇਵੇ। ਪਰਮਜੀਤ ਸਿੰਘ ਨੇ ਹਰਭਜਨ ਸਿੰਘ ਕੋਲੋਂ ਵੀ ਕਾਫ਼ੀ ਪੈਸੇ ਖਾਧੇ ਹਨ। ਉਸ ਨੂੰ ਧਮਕਾਇਆ ਕਿ ਉਸ ਦੇ ਤੇ ਉਸ ਦੇ ਪਰਿਵਾਰ ਉਤੇ 326 ਦਾ ਕੇਸ ਹੈ। ਸਾਰਿਆਂ ਨੂੰ ਜੇਲ੍ਹ ’ਚੋਂ 6 ਮਹੀਨੇ ਤੱਕ ਬਾਹਰ ਨਹੀਂ ਆਉਣ ਦੇਵਾਂਗਾ।

ਏਐੱਸਆਈ ਨਰਿੰਦਰ ਸਿੰਘ ਨੇ ਉਨ੍ਹਾਂ ਨੂੰ ਧਮਕਾਇਆ ਕਿ ਜੇਕਰ ਉਹ (ਸੁਖਵਿੰਦਰ ਸਿੰਘ) ਪੁਲਿਸ ਦੇ ਕਾਬੂ ਨਹੀਂ ਆਏ ਤਾਂ ਉਹ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਚੁੱਕ ਕੇ ਥਾਣੇ ਲੈ ਆਵੇਗਾ। ਹਰਭਜਨ ਸਿੰਘ ਨੇ ਧਮਕਾਇਆ ਕਿ ਪਹਿਲਾਂ ਉਹ ਉਸ ਦੇ ਘਰ ਦੀ ਭੰਨਤੋੜ ਕਰ ਚੁੱਕਾ ਹੈ ਤੇ ਹੁਣ ਅੱਗ ਲਗਾ ਦੇਵੇਗਾ।

ਪੀਏ ਪਰਮਜੀਤ ਸਿੰਘ, ਏਐੱਸਆਈ ਨਰਿੰਦਰ ਸਿੰਘ ਤੇ ਹਰਭਜਨ ਸਿੰਘ ਨਾਲ ਲੜਨ ਵਿੱਚ ਸਮਰੱਥ ਨਹੀਂ ਹਾਂ। ਤਿੰਨਾਂ ਤੋਂ ਦੁਖੀ ਹੋ ਕੇ ਜੀਵਨ-ਲੀਲਾ ਖ਼ਤਮ ਕਰ ਰਿਹਾ ਹਾਂ। ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।

ਪੈਸਿਆਂ ਦੀ ਗੱਲ ਸੁਣ ਕੇ ਪੀਏ ਨੇ ਕੱਟਿਆ ਫੋਨ

ਪਰਮਜੀਤ ਸਿੰਘ ਪੰਮਾ ਨੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੀ ਸ਼ਾਮ ਦੋਵਾਂ ਧਿਰਾਂ ਨੇ ਉਨ੍ਹਾਂ ਨਾਲ ਚਾਹ ਪੀਤੀ ਹੈ। ਉਨ੍ਹਾਂ ਕੋਲ ਹਸਤਾਖ਼ਰ ਕੀਤੇ ਹੋਏ ਦਸਤਾਵੇਜ਼ ਹਨ ਪਰ ਜਦੋਂ ਪੈਸੇ ਮੰਗਣ ਦੀ ਗੱਲ ਦਾ ਜ਼ਿਕਰ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ।

ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਥਾਣੇ ਅੱਗੇ ਦਿੱਤਾ ਧਰਨਾ

ਗਹਿਣਾ ਕਾਰੋਬਾਰੀ ਸੁਖਵਿੰਦਰ ਸਿੰਘ ਬੱਬੂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਹਲਕਾ ਦੱਖਣੀ ਦੇ ਇੰਚਾਰਜ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ’ਚ ਥਾਣਾ ਬੀ-ਡਵੀਜ਼ਨ ਅੱਗੇ ਧਰਨਾ ਦਿੱਤਾ।

ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਇਹ ਘਟਨਾ ਪੁਲਿਸ ’ਤੇ ਸਿਆਸੀ ਦਬਾਅ ਕਾਰਨ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਹਲਕਾ ਦੱਖਣੀ ’ਚ ਇਹ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਕਈਆਂ ਨਾਲ ਅਜਿਹਾ ਵਾਪਰ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਗਹਿਣਾ ਕਾਰੋਬਾਰੀ ਬੱਬੂ ਦੀ ਜਾਨ ਲੈਣ ‘ਚ ਜੋ ਵੀ ਜ਼ਿੰਮੇਵਾਰ ਹੈ, ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ’ਚ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਆਮ ਆਦਮੀ ਪਾਰਟੀ ਸੰਘਰਸ਼ ਵਿੱਢੇਗੀ।

ਅਕਾਲੀ ਦਲ ਵੱਲੋਂ ਵਿਧਾਇਕ ਖਿਲਾਫ਼ ਨਾਅਰੇਬਾਜ਼ੀ

ਅਕਾਲੀ ਦਲ ਦੱਖਣੀ ਹਲਕੇ ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਅਗਵਾਈ ’ਚ ਪੀੜਤ ਪਰਿਵਾਰ ਦੇ ਲੋਕਾਂ ਨੇ ਰਾਤ ਨੂੰ ਬੀ-ਡਵੀਜ਼ਨ ਥਾਣੇ ਦੇ ਬਾਹਰ ਧਰਨਾ ਲਾਇਆ। ਉਨ੍ਹਾਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਉਸ ਦੇ ਪੀਏ ਪਰਮਜੀਤ ਸਿੰਘ ਪੰਮਾ ਖਿਲਾਫ ਨਾਅਰੇਬਾਜ਼ੀ ਕੀਤੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ