ਅੰਮ੍ਰਿਤਸਰ। ਤਹਿਸੀਲ ਅਜਨਾਲਾ ਦੇ ਰਾਜਾਸਾਂਸੀ ਦੇ ਥਾਣਾ ਕੰਬੋ ਤਹਿਤ ਆਉਂਦੇ ਪਿੰਡ ਵਡਾਲਾ ਭਿੱਟੇਵੜ ਵਿਚ ਇਸ਼ਕ ਵਿਚ ਅੰਨ੍ਹੀ ਇਕ ਮਹਿਲਾ ਨੇ ਆਪਣੇ ਪ੍ਰੇਮੀ ਤੇ ਪ੍ਰੇਮੀ ਦੇ ਇਕ ਹੋਰ ਦੋਸਤ ਨਾਲ ਮਿਲ ਕੇ ਲੰਘੀ ਰਾਤ ਆਪਣੇ ਪਤੀ ਯੁਧਵੀਰ ਦਾ ਬਹੁਤ ਹੀ ਬੇਰਹਿਮੀ ਨਾਲ ਗਲ਼ਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਇਸਦੀ ਜਾਣਕਾਰੀ ਪੁਲਿਸ ਨੂੰ ਅੱਜ ਸਵੇਰੇ ਹੀ ਹੋਈ।
ਕੰਬੋ ਥਾਣੇ ਦੇ ਐਸਐਚਓ ਜਸਜੀਤ ਸਿੰਘ ਨੇ ਡੀਐੱਸਪੀ ਅਟਾਰੀ ਦੇ ਹੁਕਮਾਂ ਉਤੇ ਤਿੰਨਾਂ ਮੁੱਖ ਦੋਸ਼ੀਆਂ ਮਨਦੀਪ ਕੌਰ, ਉਸਦੇ ਪ੍ਰੇਮੀ ਚਰਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਤੇ ਉਸਦੇ ਦੋਸਤ ਗੁਰਜੰਟ ਸਿੰਘ ਪੁੱਤਰ ਸੁਰਜੀਤ ਸਿੰਘ, ਦੋਵੇਂ ਪਿੰਡ ਚੋਗਾਵਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।
ਜਾਣਕਾਰੀ ਮੁਤਾਬਿਕ ਮਨਦੀਪ ਕੌਰ ਤੇ ਯੁਧਵੀਰ ਸਿੰਘ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੇ ਉਨ੍ਹਾਂ ਦੀ ਇਕ 3 ਸਾਲ ਦੀ ਬੇਟੀ ਵੀ ਹੈ। ਇਹ ਵੀ ਵਰਣਨਯੋਗ ਹੈ ਕਿ ਦੋਵਾਂ ਵਿਚਾਲੇ ਵਿਆਹ ਤੋਂ ਲੈ ਕੇ ਹੀ ਕਲੇਸ਼ ਰਹਿੰਦਾ ਸੀ। ਇਸੇ ਘਰੇਲੂ ਕਲੇਸ਼ ਦੇ ਕਾਰਨ ਹੀ ਯੁਧਵੀਰ ਦੀ ਮੌਤ ਹੋ ਗਈ।