ਛੇਹਰਟਾ, 22 ਜਨਵਰੀ : ਛੇਹਰਟਾ ਥਾਣੇ ਅਧੀਨ ਪੈਂਦੇ ਕਰਤਾਰ ਨਗਰ ਦੀ ਗਲੀ ਨੰਬਰ ਸੱਤ ‘ਚ ਇਕ ਨੌਜਵਾਨ ਨੇ ਆਪਣੀ ਪਤਨੀ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਬਾਅਦ ‘ਚ ਨੌਜਵਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਐਤਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਵੀ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਵੈਸਟ ਕਮਲਜੀਤ ਸਿੰਘ ਅਤੇ ਛੇਹਰਟਾ ਥਾਣਾ ਇੰਚਾਰਜ ਨਿਸ਼ਾਨ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਦੋਵਾਂ ਦੀਆਂ ਲਾਸ਼ਾਂ ਜ਼ਮੀਨ ‘ਤੇ ਪਈਆਂ ਮਿਲੀਆਂ। ਪੱਖੇ ਦੇ ਨਾਲ ਇਕ ਬਿਜਲੀ ਦੀ ਤਾਰ ਲਟਕਦੀ ਹੋਈ ਮਿਲੀ। ਮ੍ਰਿਤਕ ਨੌਜਵਾਨ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਸੱਸ ਉਰਮਿਲਾ ਬਾਲਾ ਤੇ ਸਾਲੀ ਅਨੂ ਬਾਲਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇੰਨਾ ਹੀ ਨਹੀਂ ਮ੍ਰਿਤਕ ਨੇ ਅਲਮਾਰੀ ‘ਤੇ ਇਹ ਵੀ ਲਿਖਿਆ ਕਿ ਉਸ ਦੀ ਮੌਤ ਲਈ ਜ਼ਿੰਮੇਵਾਰ ਅਨੂ ਬਾਲਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੁਲਜ਼ਮ ਮਾਂ-ਧੀ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕਾਂ ਦੀ ਪਛਾਣ ਮਨੀਸ਼ ਅਰੋੜਾ ਤੇ ਆਰਤੀ ਵਜੋਂ ਹੋਈ ਹੈ। ਦੋਵਾਂ ਨੇ ਦੂਜਾ ਵਿਆਹ ਕੀਤਾ ਸੀ। ਮ੍ਰਿਤਕ ਔਰਤ ਸਰਕਾਰੀ ਸਕੂਲ ਕਸੇਲ ‘ਚ ਅਧਿਆਪਕਾ ਸੀ।