ਬਾਬਾ ਬਕਾਲਾ ਸਾਹਿਬ | ਬੀਤੇ ਕੱਲ ਪਿੰਡ ਛਾਪਿਆਂਵਾਲੀ ਤੋਂ ਇਕ ਸਕੂਲੀ ਬੱਚਾ ਹਰਨੂਰ ਸਿੰਘ ਜੋ ਕਿ ਸਕੂਲ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਸ਼ੱਕੀ ਹਾਲਤ ‘ਚ ਲਾਪਤਾ ਹੋ ਗਿਆ, ਜਿਸ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਅੱਜ ਇਕ ਦਿਨ ਬੀਤ ਜਾਣ ਤੋਂ ਬਾਅਦ ਹਰਨੂਰ ਸਿੰਘ ਦੀ ਪਿੰਡ ਦੇ ਛੱਪੜ ‘ਚ ਤੈਰਦੀ ਲਾਸ਼ ਮਿਲੀ, ਜਿਸ ਉਪਰੰਤ ਪਿੰਡ ਛਾਪਿਆਂਵਾਲੀ ਤੋਂ ਇਲਾਵਾ ਪੂਰੇ ਇਲਾਕੇ ‘ਚ ਸੁੰਨ ਪੱਸਰ ਗਈ।
ਮ੍ਰਿਤਕ ਹਰਨੂਰ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦਾ ਪਿਤਾ ਸਵਰਨਜੀਤ ਸਿੰਘ ਇਸ ਸਮੇਂ ਮਸਕਟ ਵਿੱਚ ਰਹਿ ਰਿਹਾ ਹੈ ਤੇ ਮਾਤਾ ਕੰਵਲਜੀਤ ਕੌਰ ਘਰੇਲੂ ਔਰਤ ਹੈ।
ਥਾਣਾ ਬਿਆਸ ਦੀ ਪੁਲਿਸ ਨੇ ਬੀਤੇ ਕੱਲ ਇਸ ਘਟਨਾ ਤੋਂ ਬਾਅਦ ਧਾਰਾ 365 ਤਹਿਤ ਮੁਕੱਦਮਾ ਦਰਜ ਕਰ ਲਿਆ ਸੀ ਪਰ ਇਹ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਥਾਣਾ ਮੁਖੀ ਬਿਆਸ ਹਰਜੀਤ ਸਿੰਘ ਬਾਜਵਾ ਨੇ ਇਸ ਧਾਰਾ ‘ਚ ਵਾਧਾ ਕਰਦਿਆਂ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਮਾਤਾ ਨੇ ਕਿਸੇ ਨਾਲ ਕੋਈ ਦੁਸ਼ਮਣੀ ਨਾ ਹੋਣ ਦੀ ਗੱਲ ਕਹੀ ਹੈ। ਅੱਜ ਚੌਕੀ ਇੰਚਾਰਜ ਬਾਬਾ ਬਕਾਲਾ ਪਰਮਜੀਤ ਸਿੰਘ, ਸਹਾਇਕ ਸਬ-ਇੰਸਪੈਕਟਰ ਬਰਜਿੰਦਰ ਸਿੰਘ ਤੇ ਸਿਕੰਦਰ ਲਾਲ ਵੱਲੋਂ ਪੁਲਿਸ ਕਾਰਵਾਈ ਨੂੰ ਅਮਲ ‘ਚ ਲਿਆਉਂਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਿਆਂਦਾ ਗਿਆ। ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।