ਅੰਮ੍ਰਿਤਸਰ ਫੇਕ ਇਨਕਾਊਂਟਰ ਮਾਮਲਾ : 31 ਸਾਲਾਂ ਬਾਅਦ 3 ਪੁਲਿਸ ਮੁਲਾਜ਼ਮਾਂ ਨੂੰ ਹੋਈ ਉਮਰ ਕੈਦ

0
790

ਅੰਮ੍ਰਿਤਸਰ, 15 ਸਤੰਬਰ | ਸੀਬੀਆਈ ਅਦਾਲਤ ਨੇ 1992 ਵਿਚ ਹੋਏ ਝੂਠੇ ਮੁਕਾਬਲੇ ਦੇ ਕੇਸ ਵਿਚ ਫੈਸਲਾ ਸੁਣਾਉਂਦੇ ਹੋਏ ਅੰਮ੍ਰਿਤਸਰ ਦੇ 3 ਤਤਕਾਲੀਨ ਪੁਲਿਸ ਮੁਲਾਜ਼ਮਾਂ ਇੰਸਪੈਕਟਰ ਧਰਮ ਸਿੰਘ, ਏਐਸਆਈ ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਿੰਨਾਂ ਪੁਲਿਸ ਮੁਲਾਜ਼ਮਾਂ ‘ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਾਲ 1992 ਵਿਚ ਤਿੰਨ ਨੌਜਵਾਨਾਂ ਹਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਦਾ 9 ਪੁਲਿਸ ਵਾਲਿਆਂ ਨੇ ਝੂਠਾ ਮੁਕਾਬਲਾ ਕੀਤਾ ਸੀ।

31 ਸਾਲਾਂ ਬਾਅਦ ਆਪਣੇ ਪਿਤਾ ਦੀ ਮੌਤ ਦਾ ਇਨਸਾਫ਼ ਮਿਲਣ ‘ਤੇ ਮ੍ਰਿਤਕ ਹਰਜੀਤ ਸਿੰਘ ਦੇ ਪੁੱਤਰ ਰਾਮਪ੍ਰੀਤ ਸਿੰਘ ਵਾਸੀ ਬੁੱਟਰ ਸੇਵੀਆਂ ਨੇ ਦੱਸਿਆ ਕਿ ਉਹ ਇਕ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਦਾ ਇਨ੍ਹਾਂ ਪੁਲਿਸੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਰੱਬ ਦੇ ਘਰ ਵਿਚ ਦੇਰ ਹੈ, ਅੰਧੇਰ ਨਹੀਂ।

ਰਾਮਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਇਕ ਸਮੇਂ ਹਿੰਮਤ ਹਾਰ ਗਿਆ ਸੀ। ਲੱਗਦਾ ਸੀ ਕਿ ਇਨਸਾਫ਼ ਨਹੀਂ ਮਿਲੇਗਾ ਪਰ ਦਾਦਾ ਨੇ ਹਿੰਮਤ ਨਹੀਂ ਹਾਰੀ। ਇਸ ਕੇਸ ਵਿਚ ਸੀਬੀਆਈ ਵੱਲੋਂ 57 ਗਵਾਹ ਪੇਸ਼ ਕੀਤੇ ਗਏ ਸਨ ਅਤੇ 9 ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਨ੍ਹਾਂ 31 ਸਾਲਾਂ ਵਿਚ 5 ਮੁਲਜ਼ਮਾਂ ਦੀ ਮੌਤ ਹੋ ਗਈ ਸੀ, 27 ਗਵਾਹ ਵੀ ਨਹੀਂ ਰਹੇ।

ਇਸ ਮਾਮਲੇ ਵਿਚ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਸੀ। ਉਸ ਸਮੇਂ ਮ੍ਰਿਤਕ ਦੇ ਪਿਤਾ ਨੂੰ ਨਹੀਂ ਪਤਾ ਸੀ ਕਿ ਪੁਲਿਸ ਨੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਹੈ। ਪਿਤਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਹਰਜੀਤ ਸਿੰਘ ਨੂੰ ਪੁਲਿਸ ਨੇ 29 ਅਪ੍ਰੈਲ 1992 ਨੂੰ ਅੰਮ੍ਰਿਤਸਰ ਦੇ ਸਠਿਆਲਾ ਨੇੜੇ ਠੱਠੀਆਂ ਬੱਸ ਸਟੈਂਡ ਤੋਂ ਚੁੱਕ ਕੇ ਮਾਲ ਮੰਡੀ ਦੇ ਪੁੱਛਗਿੱਛ ਕੇਂਦਰ ਵਿਚ ਰੱਖਿਆ ਸੀ।

ਹਾਈਕੋਰਟ ਨੇ ਤੁਰੰਤ ਕਾਰਵਾਈ ਕਰਦਿਆਂ ਹਰਜੀਤ ਸਿੰਘ ਦੀ ਗੈਰ-ਕਾਨੂੰਨੀ ਪੁਲਿਸ ਹਿਰਾਸਤ ਤੋਂ ਰਿਹਾਈ ਨੂੰ ਯਕੀਨੀ ਬਣਾਉਣ ਲਈ ਵਾਰੰਟ ਅਫਸਰ ਨਿਯੁਕਤ ਕੀਤਾ। ਇਸ ਮਾਮਲੇ ਨੂੰ ਅੱਗੇ ਲੈ ਕੇ ਹਾਈ ਕੋਰਟ ਨੇ ਦਸੰਬਰ 1992 ਵਿੱਚ ਜ਼ਿਲਾ ਤੇ ਸੈਸ਼ਨ ਜੱਜ ਚੰਡੀਗੜ੍ਹ ਨੂੰ ਮਾਮਲੇ ਦੀ ਨਿਆਂਇਕ ਜਾਂਚ ਲਈ ਹੁਕਮ ਜਾਰੀ ਕੀਤੇ ਸਨ, ਜਿਸ ਦੀ ਰਿਪੋਰਟ ਸਾਲ 1995 ਵਿਚ ਪੇਸ਼ ਕੀਤੀ ਗਈ ਸੀ। ਰਿਪੋਰਟ ਦੇ ਆਧਾਰ ‘ਤੇ 30 ਮਈ 1997 ਨੂੰ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।