ਅੰਮ੍ਰਿਤਸਰ : ਬਾਈਕ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ; ਜਾਂਦੇ-ਜਾਂਦੇ ਰਾਹਗੀਰ ਤੋਂ 50 ਹਜ਼ਾਰ ਲੁੱਟੇ

0
246

ਅੰਮ੍ਰਿਤਸਰ, 29 ਅਕਤੂਬਰ | ਥਾਣਾ ਸਿਵਲ ਲਾਈਨ ਅਧੀਨ ਆਉਂਦੇ ਖੇਤਰ ਆਨੰਦ ਐਵੇਨਿਊ ਤੇ ਟੇਲਰ ਰੋਡ ’ਤੇ ਬਾਈਕ ਸਵਾਰ ਲੁਟੇਰਿਆਂ ਨੇ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਵਿਚ 1 ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਇਕ ਘਟਨਾ ਵਿਚ ਨੌਜਵਾਨ ਨੂੰ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕੀਤਾ ਤੇ ਉਸ ਤੋਂ 50 ਹਜ਼ਾਰ ਰੁਪਏ ਲੁੱਟ ਕੇ ਲੈ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਸੀਪੀ-2 ਪ੍ਰਭਜੋਤ ਸਿੰਘ ਵਿਰਕ, ਏਸੀਪੀ ਉੱਤਰੀ ਵਰਿੰਦਰ ਖੋਸਾ ਤੇ ਥਾਣਾ ਸਿਵਲ ਲਾਈਨ ਦੀ ਇੰਚਾਰਜ ਖ਼ੁਸ਼ਬੂ ਸ਼ਰਮਾ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ CCTV ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਹੱਥ ਲੱਗੀ ਸੀਸੀਟੀਵੀ ਫੁਟੇਜ ’ਚ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ।

ਲਗਭਗ ਇਕ ਘੰਟੇ ਵਿਚ ਹੀ 2 ਵਾਰਦਾਤਾਂ ਹੋਣ ਨਾਲ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਹ ਘਟਨਾਵਾਂ ਉਸ ਸਮੇਂ ਹੋਈਆਂ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ। ਫ਼ਿਲਹਾਲ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਲੁਟੇਰੇ ਫੜੇ ਜਾਣਗੇ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਗੌਰਵ ਅਰੋੜਾ ਨਿਵਾਸੀ ਮਾਹਨ ਸਿੰਘ ਗੇਟ ਦੇ ਰੂਪ ਵਿਚ ਹੋਈ ਹੈ। ਗੌਰਵ ਕੱਪੜੇ ਦਾ ਕਾਰੋਬਾਰ ਕਰਦਾ ਹੈ ਤੇ ਇਕ ਪਾਰਟੀ ਸਮਾਗਮ ਵਿਚ ਹਿੱਸਾ ਲੈ ਕੇ ਘਰ ਮੁੜ ਰਿਹਾ ਸੀ।