ਅੰਮ੍ਰਿਤਸਰ| ਇੱਕ ASI ਦੇ ਪੁੱਤਰ ਨੇ ਪਿਆਰ ਵਿੱਚ ਨਿਰਾਸ਼ ਹੋ ਕੇ ਇੱਕ ਕੁੜੀ ਨੂੰ ਗੋਲੀ ਮਾਰ ਦਿੱਤੀ। ਲੜਕੀ ਹਸਪਤਾਲ ਵਿੱਚ ਦਾਖਲ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਹ ਘਟਨਾ ਅੰਮ੍ਰਿਤਸਰ ਦੀ ਫਰੈਂਡਜ਼ ਕਾਲੋਨੀ ਦੀ ਹੈ। ਕਾਲੋਨੀ ਵਿੱਚ ਰਹਿਣ ਵਾਲੀ ਅਮੋਲਦੀਪ ਕੌਰ ਘਰ ਦੇ ਬਾਹਰ ਖੜ੍ਹੀ ਸੀ। ਉਦੋਂ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਲੜਕੀ ‘ਤੇ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਅਮਨਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅੰਮ੍ਰਿਤਸਰ ਪੁਲਿਸ ਲਾਈਨ ਵਿੱਚ ਤਾਇਨਾਤ ਏਐਸਆਈ ਦੇ ਲੜਕੇ ਦਾ ਨਾਮ ਲਿਆ ਹੈ। ਅਮੋਲਦੀਪ ਦੇ ਦਾਦਾ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਅਤੇ ਉਸ ਦੀ ਪੋਤੀ ਵਿਚਕਾਰ ਦੋਸਤੀ ਸੀ ਪਰ ਮੁਲਜ਼ਮਾਂ ਦੀਆਂ ਹਰਕਤਾਂ ਦੇਖ ਕੇ ਉਹ ਪਿੱਛੇ ਹਟ ਗਿਆ। ਕਈ ਵਾਰ ਮੁਲਜ਼ਮ ਖਿਲਾਫ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਗਈ ਪਰ ਉਹ ਵਾਰ-ਵਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇੱਕ ਵਾਰ ਏ.ਐਸ.ਆਈ ਅਤੇ ਉਸ ਦਾ ਲੜਕਾ ਥਾਣੇ ਵਿੱਚ ਮਾਫੀ ਮੰਗਣ ਗਏ।
ਐਸਐਚਓ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਪਹਿਲਾਂ ਹੀ ਲੜਾਈ-ਝਗੜਾ ਚੱਲ ਰਿਹਾ ਹੈ ਅਤੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤਾਂ ਪੈਂਡਿੰਗ ਹਨ ਪਰ ਇਸ ਘਟਨਾ ਦਾ ਉਨ੍ਹਾਂ ਸ਼ਿਕਾਇਤਾਂ ਨਾਲ ਕੀ ਸਬੰਧ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।