ਅੰਮ੍ਰਿਤਸਰ : ਪਰਾਲੀ ਨੂੰ ਲਾਈ ਅੱਗ ਨੇ ਲਈ ਬਜ਼ੁਰਗ ਦੀ ਜਾਨ : ਧੂੰਏਂ ਕਾਰਨ ਬੈਲੇਂਸ ਵਿਗੜਣ ‘ਤੇ ਬਾਈਕ ਸਣੇ ਖੇਤ ‘ਚ ਡਿਗਿਆ, ਜ਼ਿੰਦਾ ਸੜਿਆ

0
493

ਅੰਮ੍ਰਿਤਸਰ| ਪਰਾਲੀ ਨੂੰ ਲਗਾਈ ਅੱਗ ਨੇ ਬਜ਼ੁਰਗ ਦੀ ਜਾਨ ਲੈ ਲਈ। ਧੂੰਏਂ ਦਰਮਿਆਨ ਬਜ਼ੁਰਗ ਮੋਟਰਸਾਈਕਲ ਤੋਂ ਕੰਟਰੋਲ ਗਵਾ ਬੈਠਾ ਅਤੇ ਸੜਦੇ ਖੇਤ ਵਿੱਚ ਜਾ ਡਿੱਗਾ। ਜਿਸ ਕਾਰਨ ਸੜਨ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਖੇਤ ਮਾਲਕ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਅੰਮ੍ਰਿਤਸਰ ਦੇ ਲੋਪੋਕੇ ਦੀ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ। ਮ੍ਰਿਤਕ ਸੁਖਦੇਵ ਸਿੰਘ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਲੋਪੋਕੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨੇੜੇ ਪਹੁੰਚਿਆ ਤਾਂ ਪਰਾਲੀ ਦੇ ਧੂੰਏਂ ਕਾਰਨ ਉਹ ਮੋਟਰਸਾਈਕਲ ‘ਤੇ ਕੰਟਰੋਲ ਗੁਆ ਬੈਠਾ।

ਉਸਦਾ ਮੋਟਰਸਾਈਕਲ ਪਹਿਲਾਂ ਸੜਕ ਤੋਂ ਫਿਸਲ ਗਿਆ ਅਤੇ ਫਿਰ ਸੜਦੇ ਖੇਤ ਵਿੱਚ ਜਾ ਡਿੱਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ‘ਤੇ ਕਾਬੂ ਪਾਉਂਦਾ, ਅੱਗ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਥਾਣਾ ਲੋਪੋਕੇ ਦੇ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਖੇਤ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਟੀਮ ਖੇਤ ਦੇ ਮਾਲਕ ਦੀ ਪਛਾਣ ਕਰ ਰਹੀ ਹੈ। ਖੇਤ ਦੇ ਮਾਲਕ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 427, 188 ਦੇ ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।