ਅੰਮ੍ਰਿਤਸਰ : ਫੌਜ ਦੇ ਜਵਾਨ ‘ਤੇ 5 ਲੁਟੇਰਿਆਂ ਨੇ ਕੀਤੀ ਫਾਇਰਿੰਗ, ਲੁੱਟੀ ਕਾਰ

0
1227

ਅੰਮ੍ਰਿਤਸਰ | ਖਿਲਚੀਆਂ ਥਾਣੇ ਅਧੀਨ ਪੈਂਦੇ ਜੀ. ਟੀ. ਰੋਡ ‘ਤੇ 5 ਕਾਰ ਸਵਾਰ ਲੁਟੇਰੇ ਗੋਲੀਆਂ ਚਲਾ ਕੇ ਫੌਜ ਦੇ ਜਵਾਨ ਦੀ ਕਾਰ ਲੁੱਟ ਕੇ ਫਰਾਰ ਹੋ ਗਏ। ਘਟਨਾ ਐਤਵਾਰ ਰਾਤ ਦੀ ਹੈ।

ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੁਟੇਰਿਆਂ ਨੇ ਦਾਤਰ ਨਾਲ ਵੀ ਫੌਜੀ ‘ਤੇ ਹਮਲਾ ਕੀਤਾ। ਫਿਲਹਾਲ ਥਾਣਾ ਖਿਲਚੀਆਂ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਅਜੇ ਤੱਕ ਕਿਸੇ ਵੀ ਦੋਸ਼ੀ ਦਾ ਸੁਰਾਗ ਨਹੀਂ ਲਗਾ ਸਕੀ। ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਪਿੰਡ ਬਾਰੀਨਲ ਨਿਵਾਸੀ ਅਨੀਸ਼ ਅਹਿਮਦ ਨੇ ਖਿਲਚੀਆਂ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਫੌਜ ‘ਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਹੈ।

ਸ਼ਨੀਵਾਰ ਉਹ ਆਪਣੀ ਕਾਰ ‘ਚ ਅੰਮ੍ਰਿਤਸਰ ‘ਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲੇ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਖਿਲਚੀਆਂ ਨੇੜੇ ਇਕ ਹੋਰ ਕਾਰ ਸਵਾਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਸੁੰਨਸਾਨ ਇਲਾਕੇ ‘ਚ ਪਹੁੰਚਣ ‘ਤੇ ਪਿੱਛੋਂ ਆ ਰਹੀ ਕਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਰੁਕ ਕੇ ਆਪਣੀ ਕਾਰ ਵੱਲ ਦੇਖਣ ਲੱਗਾ। ਫਿਰ ਕਾਰ ‘ਚ ਸਵਾਰ 5 ਨੌਜਵਾਨ ਹੇਠਾਂ ਉਤਰ ਗਏ ਤੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਲੁਟੇਰੇ ਨੇ ਪਿਸਤੌਲ ਕੱਢ ਕੇ ਹਵਾ ਵਿੱਚ 3 ਗੋਲੀਆਂ ਚਲਾਈਆਂ।

ਇਸ ਦੇ ਬਾਵਜੂਦ ਉਸ ਦਾ ਵਿਰੋਧ ਜਾਰੀ ਰਿਹਾ। ਇਸ ਤੋਂ ਬਾਅਦ ਇਕ ਲੁਟੇਰੇ ਨੇ ਉਸ ਦੇ ਹੱਥ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਉਸ ਨੇ ਬੜੀ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੁਟੇਰੇ ਉਸ ਦੀ ਕਾਰ ਲੁੱਟ ਕੇ ਫਰਾਰ ਹੋ ਗਏ।