ਅੰਮ੍ਰਿਤਸਰ। ਪੁਲਿਸ ਵੱਲੋਂ ਪਿਓ ਸਣੇ ਪੁੱਤ ‘ਤੇ ਗੰਨ ਕਲਚਰ ਪ੍ਰਮੋਟ ਕਰਨ ਨੂੰ ਲੈ ਕੇ FIR ਦਰਜ ਕੀਤੀ ਗਈ ਹੈ। ਲੜਕੇ ਦੇ ਨਾਬਾਲਿਗ ਹੋਣ ਦੇ ਚੱਲਦਿਆਂ ਅੰਮ੍ਰਿਤਸਰ ਰੂਰਲ ਪੁਲਿਸ ਹਾਲੇ ਕੇਸ ਦੇ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਦੇ ਰਹੀ। ਉੱਥੇ ਹੀ ਅੰਮ੍ਰਿਤਸਰ ਪੁਲਿਸ ਨੇ ਬੱਚੇ ਦੇ ਨਾਲ-ਨਾਲ ਉਸਦੇ ਪਿਤਾ ਅਤੇ ਦੋ ਹੋਰਾਂ ਖਿਲਾਫ਼ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਭੁਪਿੰਦਰ ਸਿੰਘ ਦੇ ਬੰਦੂਕ ਦੇ ਨਾਲ ਖੜ੍ਹੇ ਪੁੱਤ ਅਤੇ ਮੋਢਿਆਂ ‘ਤੇ ਗੋਲੀਆਂ ਦੀ ਬੈਲਟ ਪਹਿਨੇ ਦੀ ਫੋਟੋ ਆਪਣੇ ਫੇਸਬੁੱਕ ਪ੍ਰੋਫ਼ਾਈਲ ‘ਤੇ ਲਗਾ ਦਿੱਤੀ ਸੀ। ਪੁਲਿਸ ਦੇ ਸਾਈਬਰ ਸੈੱਲ ਦੀ ਨਜ਼ਰ ਵਿੱਚ ਇਹ ਫੋਟੋ ਆ ਗਈ। ਛਾਣਬੀਣ ਦੇ ਬਾਅਦ ਪੁਲਿਸ ਨੇ ਬੱਚੇ, ਉਸਦੇ ਪਿਤਾ ਭੁਪਿੰਦਰ ਦਾ ਪਤਾ ਲਗਾਇਆ। ਇਸ ਤੋਂ ਬਾਅਦ ਇਸੇ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਵਿਕਰਮਜੀਤ ਤੇ ਵਿਸਾਰਤ ਦੇ ਖਿਲਾਫ਼ ਵੀ FIR ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਫਿਲਹਾਲ ਵਧੇਰੇ ਜਾਣਕਾਰੀ ਸਾਂਝਾ ਨਹੀਂ ਕਰ ਰਹੀ। ਨਾਬਾਲਿਗ ਹੋਣ ਦੇ ਚੱਲਦਿਆਂ ਬੱਚੇ ਦੀ ਜ਼ਿਆਦਾ ਜਾਣਕਾਰੀ ਪੁਲਿਸ ਨਹੀਂ ਦੇ ਰਹੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਖਿਲਾਫ਼ IPC 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।