ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਵੱਲੋਂ ਭਾਰਤ ਖਿਲਾਫ ਵਿਵਾਦਿਤ ਬਿਆਨ ਦੇਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦਾ ਅਨਿੱਖੜਵਾਂ ਅੰਗ ਹੀ ਨਹੀਂ ਹੈ। ਉਹ ਇਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਲਾਹੌਰ ਤੇ ਨਨਕਾਣਾ ਸਾਹਿਬ ਦੇ ਬਿਨਾਂ ਪੰਜਾਬ ਦੀ ਤਸਵੀਰ ਹੀ ਨਹੀਂ ਬਣਦੀ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਭਾਰਤੀ ਹੀ ਨਹੀਂ ਮੰਨਦਾ। ਉਨ੍ਹਾਂ ਕਿਹਾ ਸੀ ਕਿ ਭਾਰਤੀ ਪਾਸਪੋਰਟ ਇਕ ਦਸਤਾਵੇਜ਼ ਹੈ ਤੇ ਇਸ ਨਾਲ ਉਹ ਭਾਰਤੀ ਨਹੀਂ ਬਣ ਜਾਂਦਾ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡੀਜੀਪੀ ਨੂੰ ਚਿੱਠੀ ਲਿਖ ਕੇ ਅਜਨਾਲਾ ਥਾਣੇ ਵਿਚ ਹੋਏ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਸਾਥੀ ਤੂਫਾਨ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਬਾਅਦ ਵਿਚ ਪੁਲਿਸ ਨੇ ਉਸ ਨੰ ਛੱਡ ਦਿੱਤਾ।
ਹੁਣ ਸਵਾਲ ਇਹ ਉਠਦਾ ਹੈ ਕਿ ਕੀ ਤੂਫਾਨ ਸਿੰਘ ਨਿਰਦੋਸ਼ ਸੀ? ਚਿੱਠੀ ਵਿਚ ਰਾਜਾ ਵੜਿੰਗ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਵੀ ਸ਼ੰਕਾ ਜ਼ਾਹਿਰ ਕੀਤੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਸਮਰਥਕਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਪਿਛਲੇ ਸਾਲ ਭਾਰਤ ਪਰਤਣ ਤੋਂ ਪਹਿਲਾਂ ਦੁਬਈ ਵਿਚ ਇਕ ਟਰਾਂਸਪੋਰਟ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉਸ ਨੇ ਦੀਪ ਸਿੱਧੂ ਵੱਲੋਂ ਸਥਾਪਤ ਸੰਗਠਨ ‘ਵਾਰਿਸ ਪੰਜਾਬ ਦੇ’ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਜੋ ਕਿ ਸੜਕ ਦੁਰਘਟਨਾ ਵਿਚ ਮਾਰੇ ਗਏ ਸਨ।