ਅਗਨੀਵੀਰ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ ! ਹਰੇਕ ‘ਅਗਨੀਵੀਰ’ ਨੂੰ ਦਿੱਤੀ ਜਾਵੇਗੀ ਪੈਨਸ਼ਨ ਵਾਲੀ ਨੌਕਰੀ

0
304

ਹਰਿਆਣਾ, 27 ਸਤੰਬਰ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿਚ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ‘ਅਗਨੀਪਥ ਯੋਜਨਾ’ ਤਹਿਤ ਭਰਤੀ ਕੀਤੇ ਗਏ ਹਰ ‘ਅਗਨੀਵੀਰ’ ਨੂੰ ਪੈਨਸ਼ਨ ਯੋਗ ਨੌਕਰੀ ਦੇਣ ਲਈ ਵਚਨਬੱਧ ਹੈ। ਅਮਿਤ ਸ਼ਾਹ ਨੇ 27 ਸਤੰਬਰ ਨੂੰ ਹਰਿਆਣਾ ‘ਚ ਚੋਣ ਰੈਲੀ ਦੌਰਾਨ ਅਗਨੀਵੀਰਾਂ ਲਈ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫੌਜ ਵਿਚ ਭਰਤੀ ਹੋਣ ਵਾਲੇ ਹਰੇਕ ‘ਅਗਨੀਵੀਰ’ ਨੂੰ ਪੈਨਸ਼ਨ ਸਮੇਤ ਨੌਕਰੀ ਦਿੱਤੀ ਜਾਵੇਗੀ, ਜਿਸ ਨਾਲ ਨੌਜਵਾਨਾਂ ਨੂੰ ਚੰਗੇ ਭਵਿੱਖ ਲਈ ਸੁਰੱਖਿਆ ਮਿਲੇਗੀ।

ਆਪਣੇ ਬਿਆਨ ‘ਚ ਸ਼ਾਹ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਡੀਲਰ ਅਤੇ ਦਲਾਲ ਨਿਯੁਕਤੀ ਪੱਤਰ ਦਿੰਦੇ ਸਨ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੱਤਾ ‘ਚ ਆਉਣ ਤੋਂ ਬਾਅਦ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਦੌਰ ‘ਚ ਕੁਝ ਖਾਸ ਲੋਕਾਂ ਨੂੰ ਹੀ ਫਾਇਦਾ ਮਿਲਿਆ, ਜਿਸ ਨੂੰ ‘ਜਵਾਈ ਕਲਚਰ’ ਕਹਿ ਕੇ ਉਨ੍ਹਾਂ ਨੇ ਤਾਅਨਾ ਮਾਰਦਿਆਂ ਕਿਹਾ ਕਿ ਭਾਜਪਾ ਨੇ ਅਜਿਹੀਆਂ ਪ੍ਰਥਾਵਾਂ ਨੂੰ ਖ਼ਤਮ ਕਰ ਦਿੱਤਾ ਹੈ।

ਸ਼ਾਹ ਦਾ ਬਿਆਨ ਭਾਜਪਾ ਦੇ ਕੰਮ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਅਤੇ ਕਾਂਗਰਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਹੈ, ਜਿਸ ਨਾਲ ਅਗਨੀਵੀਰ ਯੋਜਨਾ ਨੂੰ ਸਰਕਾਰ ਦੀ ਮਜ਼ਬੂਤ ​​ਪਹਿਲ ਵਜੋਂ ਪੇਸ਼ ਕੀਤਾ ਗਿਆ ਹੈ।

ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੇ (ਕਾਂਗਰਸ) ਨੇਤਾ ਸੈਨਿਕਾਂ ਦਾ ਸਨਮਾਨ ਨਹੀਂ ਕਰਦੇ। ਸ਼ਾਹ ਨੇ ਹਰਿਆਣਾ ‘ਚ ਆਯੋਜਿਤ ਰੈਲੀ ਦੌਰਾਨ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ”ਰਾਹੁਲ ਗਾਂਧੀ ਸਾਡੇ ‘ਤੇ ਰਿਜ਼ਰਵੇਸ਼ਨ ਖਤਮ ਕਰਨ ਦਾ ਦੋਸ਼ ਲਗਾਉਂਦੇ ਹਨ, ਜਦਕਿ ਉਹ ਖੁਦ ਵਿਦੇਸ਼ ਜਾ ਕੇ ਰਿਜ਼ਰਵੇਸ਼ਨ ਖਤਮ ਕਰਨ ਦੀ ਗੱਲ ਕਰਦੇ ਹਨ।”

ਸ਼ਾਹ ਨੇ ਜ਼ੋਰ ਦੇ ਕੇ ਕਿਹਾ, “ਰਾਹੁਲ ਗਾਂਧੀ, ਤੁਸੀਂ ਰਾਖਵੇਂਕਰਨ ਨੂੰ ਕਿਵੇਂ ਖਤਮ ਕਰੋਗੇ? ਸਰਕਾਰ ਸਾਡੀ ਹੈ ਅਤੇ ਜਦੋਂ ਤੱਕ ਸੰਸਦ ਵਿਚ ਭਾਜਪਾ ਦਾ ਇੱਕ ਵੀ ਸਾਂਸਦ ਹੈ, ਕੋਈ ਵੀ ਰਾਖਵਾਂਕਰਨ ਖਤਮ ਨਹੀਂ ਕਰ ਸਕਦਾ।” ਰਾਖਵੇਂਕਰਨ ਪ੍ਰਤੀ ਭਾਜਪਾ ਦੀ ਵਚਨਬੱਧਤਾ ਨੂੰ ਸਪੱਸ਼ਟ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਪਾਰਟੀ ਨਾ ਸਿਰਫ਼ ਰਾਖਵੇਂਕਰਨ ਦਾ ਸਮਰਥਨ ਕਰਦੀ ਹੈ, ਸਗੋਂ ਇਸ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਜਨਤਾ ਨੂੰ ਭਰੋਸਾ ਦਿੱਤਾ ਕਿ ਭਾਜਪਾ ਰਾਖਵੇਂਕਰਨ ਦੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਖੜ੍ਹੀ ਰਹੇਗੀ।