ਅਮਨਦੀਪ ਸੰਧੂ ਤੇ ਉਹਦਾ ਪੰਜਾਬ

0
26718

ਗੁਰਪ੍ਰੀਤ ਡੈਨੀ

ਤੁਸੀਂ ਪੰਜਾਬ ਬਾਰੇ ਕਿੰਨਾ ਜਾਣਦੇ ਹੋ? ਉਨਾਂ ਹੀ ਜਿੰਨਾ ਕੁ ਤੁਸੀਂ ਆਪਣੇ ਆਲੇ-ਦੁਆਲੇ ਦੇਖਦੇ ਹੋ। ਨਹੀਂ, ਪੰਜਾਬ ਸੱਟਾਂ ਦਾ ਮਾਰਿਆ ਨੀਲ਼ਾ ਪੈ ਚੁੱਕਾ ਹੈ। ਸਾਡੇ ਸੁਪਨਿਆਂ ਵਿਚ ਭੂਤਾਂ ਦੇ ਡਰਾਉਣੇ ਦ੍ਰਿਸ਼ ਆਉਂਦੇ ਹੋਣਗੇ ਪਰ ਅਮਨਦੀਪ ਸੰਧੂ ਦੇ ਮੋਢਿਆ ਉਪਰ ਜੋ ਭੂਤ ਬਣ ਬੈਠਾ, ਉਹ ਪੰਜਾਬ ਹੈ। ਪੰਜਾਬ ਕਿਉਂ ਬਣਿਆ ਭੂਤ? ਕਿਉਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਸੀਂ ਉਸ ਭੂਤ ਹਵਾਲੇ ਕਰਨ ਜਾ ਰਹੇ ਹਾਂ? ਜਿਸ ਤੋਂ ਡਰ ਸਾਡੇ ਬੱਚੇ ਬਚਪਨ ਵਿਚ ਹੀ ਨਹੀਂ ਭਰ ਜੁਆਨੀ ਵਿਚ ਵੀ ਲੇਰਾਂ ਮਾਰਨਗੇ। ਬਹੁਤ ਸਾਰੇ ਸਵਾਲ ਨੇ। ਸੰਧੂ ਨੇ ਜੋ ਪੰਜਾਬ ਬਿਆਨਿਆ ਹੈ ਉਸ ਨੂੰ ਤੁਸੀਂ ਜਹਾਜ਼ ਤੋਂ ਦੇਖੋਗੇ ਤਾਂ ਪੰਜਾਬ ਤੁਹਾਨੂੰ ਇਕ ਡਰਾਉਣਾ ਭੂਤ ਲੱਗੇਗਾ। ਮੈਂ ਉਪਰ ਅਮਨਦੀਪ ਸੰਧੂ ਤੇ ਉਹਦਾ ਪੰਜਾਬ ਹੈਂਡਿੰਗ ਕਿਉਂ ਲਿਖਦਾ ਹਾਂ? ਸੰਧੂ ਪੰਜਾਬੀ ਹੈ ਪਰ ਉਹ ਇੱਥੇ ਜੰਮਿਆ ਪਲਿਆ ਨਹੀਂ। ਉਹ ਸਾਡੇ ਵਾਂਗ ਬਚਪਨ ਵਿਚ ਨਿੱਕਰਾਂ ਪਾ ਨਹਿਰਾਂ ਵਿਚ ਨਹਾਉਣ ਨਹੀਂ ਗਿਆ। ਉਹਨੇ ਕਦੀ ਦਲਿਤਾਂ ਦੇ ਨਿਆਣਿਆਂ ਨਾਲ ਖੇਡਦੇ ਵੱਡੀਆਂ ਜਾਤਾਂ ਦੇ ਨਿਆਣਿਆਂ ਨੂੰ ਮਾਵਾਂ ਖੇਡਣੋਂ ਹਟਾਉਂਦੀਆਂ ਨਹੀਂ ਦੇਖੀਆਂ। ਉਹ ਬਹੁਤ ਸੰਵੇਦਨਸ਼ੀਲ ਹਿਰਦੇ ਨਾਲ ਪੰਜਾਬ ਨੂੰ ਟੋਂਹਦਾ ਹੈ। ਉਹ ਪੰਜਾਬ ਜਿਸ ਨੂੰ ਇਕ ਗੈਰੀ ਪੰਜਾਬੀ ਮੱਕੀ ਦੀ ਰੋਟੀ, ਸਾਗ, ਭਿੰਡਰਵਾਲਾ, ਅੱਤਵਾਦ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸ਼ਬਦਾਂ ਨਾਲ ਜਾਣਦਾ ਹੈ। ਪਰ ਸੰਧੂ ਜਿਹੜੇ ਸ਼ਬਦਾਂ ਰਾਹੀ ਪੰਜਾਬ ਦੇਖਦਾ ਹੈ। ਉਹ ਸ਼ਬਦ ਬਹੁਤ ਗਹਿਰੇ ਨੇ।

ਮੈਂ ਸੰਧੂ ਨਾਲ ਗੱਲਾਂ ਕਰ ਰਿਹਾ ਹਾਂ। ਉਹਦੀ ਅੱਖ ਵਾਰ-ਵਾਰ ਭਰਦੀ ਹੈ। ਉਹ ਪੰਜਾਬ ਨੂੰ ਜਦ ਪੰਜਾਬ ਆਖਦਾ ਤਾਂ ਉਹਦੇ ਸਾਹਮਣੇ ਕਈ ਸ਼ੱਕ ਉਕਰ ਆਉਂਦੇ। ਹਰੀ ਕ੍ਰਾਂਤੀ ਤੇ ਪੰਜਾਬ ਦੇ ਖੇਤੀਬਾੜੀ ਮਾਹਿਰ ਨਾਲ ਉਸਦਾ ਰੋਸਾ ਹੈ। ਇਹ ਕਿਹੜੀ ਕ੍ਰਾਂਤੀ ਹੈ? ਜਿਸ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਪਾਣੀ ਤੋਂ ਸੱਖਣੀਆਂ ਕਰ ਦੇਣੀਆਂ ਹਨ। ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਜ਼ਹਿਰ ਬੀਜ ਦਿੱਤਾ ਹੈ। ਇਹ ਓਹੀ ਕ੍ਰਾਂਤੀ ਹੈ ਜੋ ਛੋਟੇ ਕਿਸਾਨ ਦੀ ਮੌਤ ਦਾ ਕਾਰਨ ਬਣੀ ਤੇ ਅੱਗੇ ਵੀ ਬਣਦੀ ਰਹੇਗੀ। ਵੱਡੇ ਕਿਸਾਨ ਨੂੰ ਹਰੀ ਕ੍ਰਾਂਤੀ ਨੇ ਚੱਕ ਲਓ ਰੱਖ ਲਓ ਤੋਂ ਇਲਾਵਾ ਹੋਰ ਕੁਝ ਨਹੀਂ ਸਿਖਾਇਆ। ਵੱਡੀ ਮਸ਼ੀਨਰੀ ਨੇ ਕਈ ਘਰਾਂ ਦੇ ਝੁੱਲ੍ਹੇ ਬੁਝਾ ਦਿੱਤੇ। ਪੰਜਾਬ ਬਰਬਾਦੀ ਦੀ ਰਾਹ ਵੱਲ ਹੋ ਤੁਰਿਆ। ਪੰਜਾਬ ਨੇ ਜ਼ਹਿਰ ਉਗਾਉਣੀ ਸ਼ੁਰੂ ਕਰ ਦਿੱਤੀ। ਪੰਜਾਬ ਨੇ ਕੈਂਸਰ ਬੀਜਿਆ। ਪੰਜਾਬ ਦੀਆਂ ਸੁਆਣੀਆਂ ਦੇ ਦੁੱਧ (Breast) ਵੱਢੇ ਜਾਣ ਲੱਗੇ। ਬਠਿੰਡੇ ਤੋਂ ਬੀਕਾਨੇਰ ਜਾਂਦੀ ਟ੍ਰੇਨ ਕੈਂਸਰ ਟ੍ਰੇਨ ਅਖਵਾਉਣ ਲੱਗੀ। ਸਾਰੀ ਉਮਰ ਲੋਕਾਂ ਨੂੰ ਇਨਕਲਾਬੀ ਨਾਟਕ ਦਿਖਾਉਣ ਵਾਲਾ ਅਜਮੇਰ ਔਲਖ ਕੈਂਸਰ ਅੜਿੱਕੇ ਆ ਮਾਰਿਆ ਗਿਆ। ਪੰਜਾਬ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਚਲੇ ਜਾਓ ਇਕ ਮੰਜਾ ਵੱਖਰਾ ਹੈ ਜਿਸ ਉਪਰ ਕੈਂਸਰ ਸੌ ਰਹੀ ਹੈ। ਬਹੁਤ ਡਰਾਉਣੇ ਦ੍ਰਿਸ਼ ਨੇ ਜੋ ਸੰਧੂ ਨੂੰ ਵਾਰ-ਵਾਰ ਪਰੇਸ਼ਾਨ ਕਰਦੇ ਨੇ। ਉਹ ਰੋਗ ਬਾਰੇ ਲਿਖਦਿਆਂ ਖੁਦ ਰੋਗੀ ਹੋਇਆ ਮਹਿਸੂਸ ਕਰਦਾ ਹੈ।

ਅਸੀਂ ਚੰਡੀਗੜ੍ਹ ਦੇ ਗੈਸਟ ਹਾਊਸ ਵਿਚ ਬੈਠੇ ਗੱਲਾਂ ਕਰ ਰਹੇ ਹਾਂ। ਜਿੰਨੀ ਰਾਤ ਗਹਿਰੀ ਹੈ, ਓਨੇ ਹੀ ਗਹਿਰੇ ਪੰਜਾਬ ਬਾਰੇ ਉਹ ਮੈਨੂੰ ਸਮਝਾ ਰਿਹਾ ਹੈ। ਪੰਜਾਬ ਦੌਰੇ ਉਪਰ ਸੰਧੂ ਇਕ ਮੇਲੇ ‘ਤੇ ਜਾਂਦਾ ਹੈ। ਉੱਥੇ ਆਤਮਾ ਸਿੰਘ ਤੇ ਅਮਨ ਰੋਜ਼ੀ ਗਾ ਰਹੇ ਨੇ। ਗੀਤ ਦੇ ਬੋਲ ਨੇ “ਜਿਹੋ ਜੇਹੀ ਤੂੰ ਸਮਝੇ ਮਾਹੀਆ ਉਹੋ ਜਿਹੀ ਮੈਂ ਹੈ ਨਹੀਂ”। ਸੰਧੂ ਨੂੰ ਇਹ ਗੀਤ ਇੰਟਰਟੇਨਮੈਂਟ ਨਹੀਂ ਲੱਗਦਾ। ਉਹ ਇਸ ਗੀਤ ਵਿਚ ਉੱਤਰ ਜਾਂਦਾ ਹੈ। ਉਸਨੂੰ ਆਤਮਾ ਸਿੰਘ ਤੇ ਅਮਨ ਰੋਜ਼ੀ ਭੁੱਲ ਜਾਂਦੇ ਨੇ। ਬੱਸ ਪੰਜਾਬ ਯਾਦ ਰਹਿੰਦਾ ਹੈ। ਉਸਨੂੰ ਇਹ ਭੇਦ ਪੰਜਾਬ ਦਾ ਲੱਗਦਾ ਹੈ। ਸਾਗ, ਮੱਕੀ ਦੀ ਰੋਟੀ, ਭੰਗੜਾ, ਬਟਰ ਚਿੱਕਨ ਜਿਹੇ ਸ਼ਬਦ ਲੈ ਉਹ ਬੰਗਲੌਰ ਤੋਂ ਤੁਰਿਆ। ਪੰਜਾਬ ਆਉਂਦਿਆਂ ਹੀ ਇਹ ਸ਼ਬਦ ਦਵਾ, ਕਰਜ਼ਾ, ਬੇਰੁਖ਼ੀ, ਸੱਟ, ਜਾਤ, ਮਰਦਾਨਗੀ ਵਿਚ ਬਦਲ ਜਾਂਦੇ। ਉਹ ਇਹਨਾਂ ਨੂੰ ਘੋਖਣ ਤੁਰ ਪੈਂਦਾ। ਤੁਰਦਿਆਂ-ਤੁਰਦਿਆਂ ਪੰਜਾਬ ਦੇ ਕਈ ਭੇਦ ਖੁੱਲ੍ਹ ਜਾਂਦੇ। ਬਹੁਤ ਗਹਿਰੇ ਭੇਦ। ਕਈ ਜਗ੍ਹਾ ਉਹ ਸਿਆਸੀ ਹੋਣ ਦੀ ਬਜਾਏ ਭਾਵੁਕ ਹੋ ਜਾਂਦਾ। ਕਿਸਾਨ ਜਥੇਬੰਦੀਆਂ ਦੇ ਕਈ ਲੀਡਰ ਦੱਸਦੇ ਕਿਵੇਂ ਉਪਰੋਂ ਆਉਂਦੀ ਮੁਆਵਜ਼ੇ ਦੀ ਰਾਸ਼ੀ ਰਾਹ ਵਿਚ ਅੱਧੀ ਰਹਿ ਜਾਂਦੀ। ਸਰਕਾਰਾਂ ਕਿਵੇਂ ਖੇਤ ਮਜ਼ਦੂਰ ਨੂੰ ਅਣਗੌਲਿਆ ਕਰਦੀਆਂ। ਉਹ ਭਾਈਚਾਰਕ ਸਾਂਝ ਨੂੰ ਸਮਝਦਾ। ਵੱਡਾ ਕਿਸਾਨ ਕਾਸ਼ਤਕਾਰ ਕੋਲੋ ਠੇਕਾ ਤਾਂ ਲੈਦਾ ਹੀ ਪਰ ਮੁਆਵਜ਼ਾ ਵੀ ਹੜੱਪ ਲੈਦਾ। ਕਾਸ਼ਤਕਾਰ ਕੋਲ ਖੁਦਕੁਸ਼ੀ ਦੇ ਰਾਹ ਤੋਂ ਇਲਾਵਾ ਹੋਰ ਕੁਝ ਨਹੀਂ ਬਚਦਾ।

ਪੰਜਾਬ ਦੇ ਕਈ ਕੋਹੜਾਂ ਚੋਂ ਇਕ ਵੱਡਾ ਕੋਹੜ ਜਾਤ ਹੈ। ਸੰਧੂ ਆਪਣੇ ਇਕ ਦੋਸਤ ਨਾਲ ਫਿਲਮ ਦਾ ਇਕ ਦ੍ਰਿਸ਼ ਸੂਟ ਕਰਨ ਲਈ ਕਿਸੇ ਕਿਲ੍ਹੇ ਤੇ ਜਾਂਦਾ। ਉੱਥੇ ਬੈਠਾ ਇਕ ਬੁੜਾ ਉਸਦੇ ਦੋਸਤ ਨੂੰ ਜਾਤ ਦਾ ਮੇਹਣਾ ਮਾਰਦਾ ਤਾਂ ਸੰਧੂ ਨੂੰ ਜਾਤ ਸਮਝਣ ਆਉਣ ਲੱਗਦੀ। ਉਹ ਇਸਨੂੰ ਇਕ ਪਾੜਾ ਸਮਝ ਕੇ ਪਰੇ ਸੁੱਟ ਦਿੰਦਾ। ਪਰ ਨਹੀਂ ਇਹ ਪਾੜਾ ਤਾਂ ਹੈ ਹੀ ਪਰ ਇਸਦੀ ਜੜ੍ਹ ਬਹੁਤ ਗਹਿਰੀ ਹੈ। ਉਹ ਸੰਤ ਰਾਮਾ ਨੰਦ ਦੇ ਕਤਲ ਤੋਂ ਬਾਅਦ ਆਈ ਦਲਿਤ ਚੇਤਨਾ ਨੂੰ ਯਾਦ ਨਹੀਂ ਕਰਦਾ। ਸੰਧੂ ਦੀ ਕਿਤਾਬ ਬਾਰੇ ਨਿਊਜ਼ ਲਾਂਡਰੀ ‘ਚ ਚੰਦਨ ਪਾਂਡੇ ਲਿਖਦਿਆਂ ਇਸਦਾ ਜ਼ਿਕਰ ਕਰਦਾ ਹੈ। ਉਹ 2009 ਵਿਚ ਪੰਜਾਬ ਹੀ ਸੀ। ਇਸ ਲਈ ਪਾਂਡੇ ਇਸ ਨੂੰ ਬਹੁਤ ਗਹਿਰੀਂ ਅੱਖ ਨਾਲ ਦੇਖ ਰਿਹਾ ਸੀ। ਸੰਤ ਰਾਮਾ ਨੰਦ ਦੀ ਮੌਤ ਤੋਂ ਬਾਅਦ ਦਲਿਤਾਂ ਨੇ ਆਪਣੇ ਵੱਖਰਾ ਗ੍ਰੰਥ ਅੰਮ੍ਰਿਤਬਾਣੀ ਬਣਾ ਲਿਆ। ਇਸ ਨੇ ਭਾਈਚਾਰਕ ਸਾਂਝ ਤਾਂ ਖਤਮ ਕੀਤੀ ਹੀ ਪਰ ਦਲਿਤਾਂ ਨੂੰ ਗੁਰਬਾਣੀ ਤੋਂ ਦੂਰ ਵੀ ਕਰ ਦਿੱਤਾ। ਚਮਾਰ ਸ਼ਬਦ ਅਣਖ ਵਜੋਂ ਉੱਭਰਿਆ। ਮੋਟਰਾਂ ਸਾਈਕਲਾਂ ਉਪਰ “ਅਣਖੀ ਪੁੱਤ ਚਮਾਰਾਂ” ਦੇ ਸਟਿੱਕਰ ਲੱਗਣ ਲੱਗੇ। ਦਲਿਤ ਚੇਤਨਾ ਵਧ ਗਈ। ਪਿੰਡਾਂ ਵਿਚ ਕਈ ਘਰਾਂ ਨੇ ਪਸ਼ੂ ਵੇਚ ਦਿੱਤੇ। ਉਹਨਾਂ ਜੱਟਾਂ ਦੇ ਖੇਤਾਂ ਚੋਂ ਘਾਹ ਖੋਤਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਹੀ ਜਦੋਂ ਸਤਿਗੁਰੂ ਨਾਨਕ ਦਾ 550 ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤਾਂ ਉਸ ਵਕਤ ਹੀ ਇਕ ਦਲਿਤ ਨੌਜਵਾਨ ਜਗਮੇਲ ਨੂੰ ਮੂਤ ਪਿਲਾ ਕੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀ। ਪਰ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚ ਦਲਿਤਾਂ ਵਿਚਲੇ ਪਾੜੇ ਨੂੰ ਜਿਵੇਂ ਸੰਧੂ ਨੇ ਫੜ੍ਹਿਆ ਹੈ। ਉਹ ਵੀ ਪੰਜਾਬ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ।

ਇੰਨੇ ਗਹਿਰੀ ਉਦਾਸੀ ‘ਚੋਂ ਬਾਹਰ ਨਿਕਲਣ ਲਈ ਮੈਂ ਆਖਰੀ ਸਵਾਲ ਕੀਤਾ। ਯਾਰ ਇਹ ‘ਪੰਜਾਬ’ ਪੜ੍ਹ ਕੇ ਤਾਂ ਬੰਦਾ ਪਾਗਲ ਹੋ ਜਾਂਦਾ। ਤੁਸੀਂ ਇਹ ਦੱਸੋ ਪੰਜਾਬੀ ਪਿਆਰ ਨਹੀਂ ਕਰਦੇ? ਉਹਨੇ ਹੱਸਦੇ ਮੁੱਖ ਨਾਲ ਕਿਹਾ, ‘ਕਰਦੇ ਆ ਕਿਉਂ ਨਹੀਂ ਕਰਦੇ’ ਪਰ। ਇਹ ਪਿਆਰ ਤੇਰਾਂ-ਤੇਰਾਂ ਵਾਲਾ ਨਹੀਂ ਮੇਰਾ-ਮੇਰਾ ਵਾਲਾ ਹੈ। ਉਹ ਫਿਰ ਪੌਲੀਟੀਕਲ ਹੋ ਗਿਆ। ਮੈਨੂੰ ਇਹ ਲੱਗਦਾ ਹੈ ਪੰਜਾਬ ਦੀਆਂ ਵੱਖ-ਵੱਖ ਸ਼ੇਡਜ ਨੂੰ ਸਮਝਣ ਲਈ ਅਮਨਦੀਪ ਸੰਧੂ ਦੀ ਕਿਤਾਬ ਪੰਜਾਬ(ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ) ਪੜ੍ਹੀ ਜਾਣੀ ਚਾਹੀਦੀ ਹੈ। ਡਾ. ਯਾਦਵਿੰਦਰ ਸਿੰਘ ਤੇ ਮੰਗਤ ਰਾਮ ਹੁਰਾਂ ਜੋ ਅਨੁਵਾਦ ਕੀਤਾ ਹੈ। ਉਹ ਵੀ ਕਮਾਲ ਹੈ।

ਸੰਪਰਕ : 97792-50653