ਸਾਬਕਾ DGP ‘ਤੇ ਮਹਿਲਾ ਨੂੰ ਧਮਕਾਉਣ ਤੇ ਨਾਜਾਇਜ਼ ਕਬਜੇ ਦੇ ਦੋਸ਼, CM ਮਾਨ ਨੂੰ ਭੇਜੀ ਸ਼ਿਕਾਇਤ

0
2419

ਚੰਡੀਗੜ੍ਹ।  ਨਿਊ ਚੰਡੀਗੜ੍ਹ ਦੇ ਓਮੈਕਸ ਕਾਸੀਆ ਦੀ ਰਹਿਣ ਵਾਲੀ ਅਰਪਣਾ ਕਪੂਰ ਨੇ ਪੰਜਾਬ ਦੇ ਸਾਬਕਾ ਡੀਜੀਪੀ ਸਰਬਜੀਤ ਸਿੰਘ ‘ਤੇ ਧਮਕਾਉਣ ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ। ਪੀੜਤ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਤੇ ਮੋਹਾਲੀ ਦੇ ਐੱਸਐੱਸਪੀ ਨੂੰ ਮੇਲ ਰਾਹੀਂ ਭੇਜੀ ਹੈ। ਪੀੜਤਾ ਨੇ ਸਥਾਨਕ ਪੁਲਿਸ ‘ਤੇ ਸਾਬਕਾ ਡੀਜੀਪੀ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ।

ਜਾਣਕਾਰੀ ਮੁਤਾਬਕ ਅਪਰਣਾ ਕਪੂਰ ਓਮੈਕਸ ਕਾਸੀਆ ਵਿਚ ਆਪਣੇ ਫਲੈਟ ਵਿਚ ਬਜ਼ੁਰਗ ਪਿਤਾ ਨਾਲ ਰਹਿੰਦੀ ਹੈ। ਉਸ ਦੇ ਹੇਠਾਂ ਵਾਲੇ ਫਲੋਰ ‘ਤੇ ਸਾਬਕਾ ਡੀਜੀਪੀ ਸਰਬਜੀਤ ਸਿੰਘ ਕਿਰਾਏ ‘ਤੇ ਰਹਿੰਦੇ ਸਨ। ਪੀੜਤਾ ਮੁਤਾਬਕ ਸਾਬਕਾ ਡੀਜੀਪੀ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਪਾਰਕਿੰਗ ਵਾਲੇ ਇਲਾਕੇ ਵਿਚ ਗੈਰ-ਕਾਨੂੰਨੀ ਤੌਰ ‘ਤੇ ਬਾਥਰੂਮ ਤੇ ਇਕ ਕਮਰਾ ਬਣਾ ਲਿਆ ਹੈ।

ਇਸ ਵਿਚ ਉਸ ਦੇ ਸੁਰੱਖਿਆ ਗਾਰਡ ਰਹਿੰਦੇ ਹਨ। ਸਾਬਕਾ ਡੀਜੀਪੀ ਸਰਬਜੀਤ ਸਿੰਘ ਦੇ ਸੁਰੱਖਿਆ ਗਾਰਡ ਔਰਤ ਦੇ ਘਰ ਆਉਣ ਵਾਲੇ ਹਰ ਵਿਅਕਤੀ ਤੋਂ ਪੁੱਛਗਿੱਛ ਕਰਦੇ ਹਨ ਅਤੇ ਡਰਾਉਂਦੇ ਹਨ। ਪੀੜਤ ਨੇ ਦੋਸ਼ ਲਾਇਆ ਹੈ ਕਿ ਸਾਬਕਾ ਡੀਜੀਪੀ ਨੇ ਪਾਰਕਿੰਗ ਵਿੱਚ ਨਾਜਾਇਜ਼ ਕਬਜ਼ਾ ਕਰਨ ਤੋਂ ਬਾਅਦ ਛੱਤ ’ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਨਿਯਮਾਂ ਮੁਤਾਬਕ ਛੱਤ ਦੇ 70 ਫੀਸਦੀ ਹਿੱਸੇ ‘ਤੇ ਉਸ ਦਾ ਕਬਜ਼ਾ ਹੈ। ਪਰ ਆਪਣੇ ਪ੍ਰਭਾਵ ਕਾਰਨ ਸਾਬਕਾ ਡੀਜੀਪੀ ਆਪਣੀ ਛੱਤ ‘ਤੇ ਪਾਣੀ ਦੀ ਵਾਧੂ ਟੈਂਕੀ ਲਗਾਉਣਾ ਚਾਹੁੰਦੇ ਸਨ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਮੰਗਲਵਾਰ ਰਾਤ ਕਰੀਬ 9 ਵਜੇ ਸਥਾਨਕ ਪੁਲਿਸ ਅਤੇ ਥਾਣਾ ਇੰਚਾਰਜ ਨੇ ਆ ਕੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ ਵਿੱਚ ਉਨ੍ਹਾਂ ਸਥਾਨਕ ਪੁਲਿਸ ’ਤੇ ਸਾਬਕਾ ਡੀਜੀਪੀ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਸਾਬਕਾ ਡੀਜੀਪੀ ‘ਤੇ ਗਲਤ ਟਿੱਪਣੀ ਕਰਨ ਅਤੇ ਲੋਕਾਂ ‘ਚ ਗਲਤ ਅਕਸ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ।

ਓਮੈਕਸ ਸੋਸਾਇਟੀ ਦੇ ਸੂਤਰਾਂ ਅਨੁਸਾਰ ਸਾਬਕਾ ਡੀਜੀਪੀ ਦੇ ਮਕਾਨ ਮਾਲਕ ਨੂੰ ਪਹਿਲਾਂ ਹੀ ਨੋਟਿਸ ਭੇਜਿਆ ਜਾ ਚੁੱਕਾ ਹੈ। ਸਾਬਕਾ ਡੀਜੀਪੀ ਨੇ ਆਪਣੇ ਸੁਰੱਖਿਆ ਗਾਰਡਾਂ ਲਈ ਗੈਰ-ਕਾਨੂੰਨੀ ਤੌਰ ‘ਤੇ ਪਾਰਕਿੰਗ ਖੇਤਰ ਵਿੱਚ ਇੱਕ ਕਮਰਾ ਅਤੇ ਇੱਕ ਬਾਥਰੂਮ ਬਣਾਇਆ ਹੋਇਆ ਹੈ, ਨੂੰ ਕਬਜ਼ੇ ਹਟਾਉਣ ਲਈ ਨੋਟਿਸ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਪੁਲਿਸ ‘ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਦੋਵੇਂ ਪਰਿਵਾਰ ਰਿਸ਼ਤੇਦਾਰ ਹਨ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।