ਨਿੱਜੀ ਇੰਸਟੀਚਿਊਟ ‘ਤੇ ਪਤੀ-ਪਤਨੀ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਲੱਗੇ 43 ਲੱਖ ਠੱਗਣ ਦੇ ਆਰੋਪ

0
1407

ਬਠਿੰਡਾ | ਪਤੀ-ਪਤਨੀ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 42 ਲੱਖ 44 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਇਕ ਔਰਤ ਸਮੇਤ 4 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਹਰਪ੍ਰੀਤ ਸਿੰਘ ਵਾਸੀ ਪਿੰਡ ਲੰਗੇਆਣਾ ਜ਼ਿਲ੍ਹਾ ਮੋਗਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਅਤੇ ਉਸ ਦੀ ਪਤਨੀ ਕੈਨੇਡਾ ਜਾਣਾ ਚਾਹੁੰਦੇ ਸੀ।

ਉਸ ਨੇ ਮਹੇਸ਼ਵਰੀ ਚੌਕ ਵਿਚ ਸਥਿਤ ਡਾਲਫਿਨ ਇੰਸਟੀਚਿਊਟ ਨਾਲ ਸੰਪਰਕ ਕੀਤਾ। ਜਿਥੇ ਉਹ ਬੇਅੰਤ ਕੌਰ ਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ, ਯੁਗਵਿੰਦਰ ਸਿੰਘ ਵਾਸੀ ਪਿੰਡ ਸੁਖਨਾ, ਨਰੇਸ਼ ਕੁਮਾਰ ਵਾਸੀ ਏਲਨਾਬਾਦ ਜ਼ਿਲ੍ਹਾ ਸਿਰਸਾ ਹਰਿਆਣਾ ਤੇ ਗੌਰਵ ਕੁਮਾਰ ਵਾਸੀ ਮੋਹਾਲੀ ਦੇ ਸੰਪਰਕ ‘ਚ ਆਇਆ। ਉਕਤ ਵਿਅਕਤੀਆਂ ਨੇ ਕਿਹਾ ਕਿ ਦੋਵਾਂ ਨੂੰ ਕੈਨੇਡਾ ਭੇਜਣ ਲਈ ਕਰੀਬ 43 ਲੱਖ ਖਰਚਾ ਆਵੇਗਾ। ਉਸ ਨੇ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਉਕਤ ਰਕਮ ਵੱਖ-ਵੱਖ ਕਿਸ਼ਤਾਂ ਵਿਚ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਉਸ ਦੇ ਸਾਰੇ ਦਸਤਾਵੇਜ਼ ਲੈ ਲਏ।

ਪੂਰੀ ਰਕਮ ਲੈਣ ਤੋਂ ਬਾਅਦ ਵੀ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਲਈ ਵੀਜ਼ਾ ਜਾਰੀ ਨਹੀਂ ਕੀਤਾ, ਜਿਸ ਕਰਕੇ ਉਨ੍ਹਾਂ ਉਕਤ ਕੇਂਦਰ ਅਤੇ ਇਸ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਇਸ ਸਬੰਧੀ ਐਸਐਸਪੀ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਈਓ ਵਿੰਗ ਵੱਲੋਂ ਮਾਮਲੇ ਦੀ ਜਾਂਚ ਕਰਕੇ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ ਕੀਤਾ ਗਿਆ।