ਪੰਜਾਬ ‘ਚ ਤੇਜ਼ੀ ਨਾਲ ਫੈਲ ਰਿਹਾ ਏਡਜ਼, 10,000 ਤੋਂ ਵੱਧ ਨਵੇਂ ਕੇਸਾਂ ਨੇ ਮਚਾਇਆ ਹੜਕੰਪ

0
429

ਮੁਹਾਲੀ| ਨਸ਼ੇ ਤੋਂ ਬਾਅਦ ਹੁਣ ਪੰਜਾਬ ਵਿਚ ਤੇਜ਼ੀ ਨਾਲ ਐਚ.ਆਈ.ਵੀ. ਫੈਲ ਰਿਹਾ ਹੈ। ਸਾਲ 2022 ਤੋਂ ਜਨਵਰੀ 2023 ਤੱਕ ਐਚ.ਆਈ.ਵੀ ਦੇ ਦਰਜ ਕੀਤੇ ਗਏ ਕੇਸਾਂ ਦੀ ਗਿਣਤੀ ਹੈਰਾਨੀਜਨਕ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਵਾਨੀ ਹੁਣ ਨਸ਼ਿਆਂ ਦੇ ਨਾਲ-ਨਾਲ ਐਚ.ਆਈ.ਵੀ. ਵਰਗੀਆਂ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਜੇਕਰ 2022 ਤੋਂ ਜਨਵਰੀ 2023 ਤੱਕ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 10,109 ਮਾਮਲੇ ਦਰਜ ਕੀਤੇ ਗਏ ਹਨ। ਜੋ ਆਪਣੇ ਆਪ ਵਿੱਚ ਬਹੁਤ ਵੱਡੀ ਗਿਣਤੀ ਹੈ। ਜਿਨ੍ਹਾਂ ਵਿੱਚੋਂ 88 ਕੇਸ 15 ਸਾਲ ਤੋਂ ਘੱਟ ਉਮਰ ਦੇ ਨਾਬਾਲਿਗਾਂ ਦੇ ਹਨ। ਇਹੀ 10,021 ਕੇਸ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਪਾਏ ਗਏ ਹਨ। ਇਨ੍ਹਾਂ ਵਿੱਚ 8155 ਪੁਰਸ਼ ਅਤੇ 1847 ਔਰਤਾਂ ਸ਼ਾਮਲ ਹਨ, ਜਦੋਂਕਿ 19 ਟਰਾਂਸਜੈਂਡਰ, 56 ਲੜਕੇ ਅਤੇ 32 ਲੜਕੀਆਂ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਕੇਸ ਲੁਧਿਆਣਾ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਹਨ। ਲੁਧਿਆਣਾ ਵਿੱਚ 1711 ਕੇਸ ਸਾਹਮਣੇ ਆਏ ਹਨ। ਉਸ ਤੋਂ ਬਾਅਦ ਪਟਿਆਲਾ ਦਾ ਨੰਬਰ ਆਉਂਦਾ ਹੈ, ਇੱਥੇ 795 ਐਚਆਈਵੀ ਪਾਜ਼ੇਟਿਵ ਕੇਸ ਦਰਜ ਕੀਤੇ ਗਏ ਹਨ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਇੱਥੇ 712 ਕੇਸ ਪਾਏ ਗਏ ਹਨ। ਬਾਕੀ ਜ਼ਿਲ੍ਹਿਆਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ।

ਪੰਜਾਬ ਦੀ ਜਵਾਨੀ ਪਹਿਲਾਂ ਹੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹੈ। ਜੋ ਕਿ ਸਰਕਾਰ ਲਈ ਵੱਡੀ ਸਮੱਸਿਆ ਹੈ। ਨਸ਼ਿਆਂ ਦੇ ਮੁੱਦੇ ‘ਤੇ ਵਿਰੋਧੀ ਧਿਰਾਂ ਵੱਲੋਂ ਅਕਸਰ ਹੀ ਸਰਕਾਰ ਨੂੰ ਘੇਰਿਆ ਜਾਂਦਾ ਹੈ। ਇਸ ਦੇ ਨਾਲ ਹੀ ਐੱਚ.ਆਈ.ਵੀ ਪਾਜ਼ੀਟਿਵ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਨੂੰ ਦੇਖਦਿਆਂ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਹੈ। ਪਰ ਹੁਣ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਐਚ.ਆਈ.ਵੀ. ਪਾਜ਼ੀਟਿਵ ਦੀ ਗਿਣਤੀ ਤੇਜ਼ੀ ਨਾਲ ਵਧਣ ਦਾ ਕਾਰਨ ਕੀ ਹੈ। ਸਾਲ 2019 ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 11 ਸਾਲਾਂ ਵਿੱਚ ਏਡਜ਼ ਨਾਲ 6081 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।