ਖੇਤੀ ਮੰਤਰਾਲੇ ਦੀ ਰਿਪੋਰਟ : ਫਸਲਾਂ ਦਾ ਵੱਧ ਝਾੜ ਲੈਣ ਲਈ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰਨ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

0
1075

ਪੰਜਾਬ ਦੇ ਕਿਸਾਨ ਫਸਲਾਂ ਦਾ ਵੱਧ ਝਾੜ ਲੈਣ ਲੀ ਅੰਨ੍ਹੇਵਾਹ ਖਾਦਾਂ ਦੀ ਵਰਤੋਂ ਕਰ ਰਹੇ ਹਨ। ਪੰਜਾਬ ਨੇ ਖਾਦਾਂ ਇਸਤੇਮਾਲ ਕਰਨ ਦੇ ਰਿਕਾਰਡ ਤੋੜ ਦਿੱਤੇ ਹਨ। ਖੇਤੀ ਮੰਤਰਾਲੇ ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਪੰਜਾਬ ਖਾਦਾਂ ਵਰਤਣ ਵਿੱਚ ਦੇਸ਼ ਭਰ ‘ਚ ਨੰਬਰ ਵਨ ਹੈ। ਰਿਪੋਰਟ ਮੁਤਾਬਕ ਫ਼ਸਲਾਂ ਦੇ ਵੱਧ ਝਾੜ ਨੂੰ ਬਰਕਰਾਰ ਰੱਖਣ ਲਈ ਪੰਜਾਬ ਵਿੱਚ ਪਿਛਲੇ 5 ਸਾਲਾਂ ਤੋਂ ਰਸਾਇਣਕ ਖਾਦਾਂ ਦੀ ਵਰਤੋਂ ਔਸਤਨ 240 ਕਿਲੋ ਪ੍ਰਤੀ ਹੈਕਟੇਅਰ ਹੋ ਰਹੀ ਹੈ। ਇਸ ਤਰ੍ਹਾਂ ਦੇਸ਼ ‘ਚ ‘ਰਸਾਇਣਕ ਖਾਦਾਂ’ ਦੀ ਪ੍ਰਤੀ ਹੈਕਟੇਅਰ ਖ਼ਪਤ ਪੰਜਾਬ ‘ਚ ਸਭ ਤੋਂ ਵੱਧ ਹੈ।


ਪੌਸ਼ਟਿਕ ਤੱਤਾਂ ਦੁਆਰਾ ਖਾਦਾਂ ਦੀ ਖਪਤ 

2021-22 ਲਈ ਸੂਬੇ ਵਿੱਚ ਪੌਸ਼ਟਿਕ ਤੱਤਾਂ (ਨਾਈਟ੍ਰੋਜਨ, ਫਾਸਫੇਟ ਤੇ ਪੋਟਾਸ਼) ਦੁਆਰਾ ਖਾਦਾਂ ਦੀ ਖਪਤ 253.94 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ। ਇਸ ਤੋਂ ਬਾਅਦ ਹਰਿਆਣਾ ਦਾ ਨੰਬਰ ਆਉਂਦਾ ਹੈ, ਜਿੱਥੇ ਰਸਾਇਣਕ ਖਾਦਾਂ ਦੀ ਖਪਤ 210.10 ਕਿਲੋਗ੍ਰਾਮ ਹੈ। ਤੇਲੰਗਾਨਾ (206 ਕਿਲੋਗ੍ਰਾਮ) ਤੀਜੇ ਸਥਾਨ ‘ਤੇ, ਆਂਧਰਾ ਪ੍ਰਦੇਸ਼ (199.67 ਕਿਲੋਗ੍ਰਾਮ) ਚੌਥੇ ਸਥਾਨ ‘ਤੇ ਅਤੇ ਉੱਤਰ ਪ੍ਰਦੇਸ਼ 5ਵੇਂ ਸਥਾਨ ‘ਤੇ ਹੈ।

ਰਸਾਇਣਕ ਖਾਦਾਂ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ

ਖੇਤੀ ਮਾਹਿਰਾਂ ਅਨੁਸਾਰ ਸਿਰਫ਼ 30 ਫ਼ੀਸਦੀ ਰਸਾਇਣਕ ਖਾਦਾਂ ਹੀ ਫ਼ਸਲ ਲਈ ਲਾਹੇਵੰਦ ਹਨ। ਵਾਧੂ ਖਾਦਾਂ ਜ਼ਮੀਨ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਤੇਜ਼ੀ ਨਾਲ ਨਸ਼ਟ ਕਰ ਰਹੀਆਂ ਹਨ। ਹਰੀ ਕ੍ਰਾਂਤੀ ਦੇ ਸ਼ੁਰੂਆਤੀ ਸਾਲਾਂ ਵਿੱਚ 1 ਕਿਲੋ ਰਸਾਇਣਕ ਖਾਦ ਤੋਂ 50 ਕਿਲੋ ਝਾੜ ਮਿਲਦਾ ਸੀ ਜੋ ਹੁਣ ਘਟ ਕੇ 8 ਕਿਲੋ ਰਹਿ ਗਿਆ ਹੈ। ਇਸੇ ਲਈ ਹੁਣ ਇਸ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ। ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਜਿੱਥੇ ਖੇਤਾਂ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਉੱਥੇ ਹੀ ਸਿੰਚਾਈ ਲਈ ਪਾਣੀ ਦੀ ਵੀ ਘਾਟ ਹੋ ਰਹੀ ਹੈ।

ਜੈਵਿਕ ਖਾਦਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ

ਜੈਵਿਕ ਖਾਦਾਂ (bio-fertilizers) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ 3 ਸਾਲਾਂ ਲਈ 50,000 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਵਿੱਚੋਂ 31,000 ਰੁਪਏ ਸਿੱਧੇ ਡੀਬੀਟੀ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ ਪਰ ਫਿਰ ਵੀ ਕਿਸਾਨ ਇਸ ਪ੍ਰਤੀ ਉਤਸ਼ਾਹਿਤ ਨਹੀਂ ਹਨ।