ਪੌਣੇ ਦੋ ਮਹੀਨਿਆਂ ਤੋਂ ਬਾਅਦ ਜ਼ਿੰਦਗੀ ਨੇ ਫੜੀ ਤੋਰ, ਦੁਕਾਨਦਾਰਾਂ ਚੁੱਕੇ ਸ਼ਟਰ

    0
    18024

    ਚੰਡੀਗੜ੍ਹ . ਦੇਸ਼ ਵਿਚ ਅੱਜ ਜ਼ਿੰਦਗੀ ਨੇ ਮੁੜ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਤੋਂ ਹੀ ਦੁਕਾਨਦਾਰਾਂ ਨੇ ਤਕਰੀਬਨ ਢੇਡ ਮਹੀਨੇ ਬਾਅਦ ਆਪਣੇ ਕਾਰੋਬਾਰ ਸ਼ੁਰੂ ਕੀਤੇ। ਲੋਕ ਵੀ ਖਰੀਦਦਾਰੀ ਕਰਨ ਲਈ ਘਰਾਂ ਵਿੱਚੋਂ ਨਿਕਲ ਅਤੇ ਸੜਕਾਂ ‘ਤੇ ਚਹਿਲ-ਪਹਿਲ ਨਜ਼ਰ ਆਈ ਪਰ ਜ਼ਿਆਦਤਾਰ ਬਾਜ਼ਾਰ ਖਾਲੀ ਹੀ ਦਿੱਸੇ। ਉਂਝ ਅਜੇ ਵੀ ਬਹੁਤੀਆਂ ਦੁਕਾਨਾਂ ਬੰਦ ਹੀ ਪਈਆਂ ਹਨ। ਪੁਲਿਸ ਬਾਜ਼ਾਰਾਂ ‘ਤੇ ਖਾਸ ਖਿਆਲ ਰੱਖ ਰਹੀ ਹੈ।
    ਲੌਕਡਾਊਨ ਦਾ ਤੀਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ ਜੋ 4 ਮਈ ਤੋਂ 17 ਮਈ ਤਕ ਜਾਰੀ ਰਹੇਗਾ। ਤੀਜੇ ਪੜਾਅ ਵਿੱਚ ਨਵੀਂ ਗੱਲ ਇਹ ਹੈ ਕਿ ਇਸ ਵਿੱਚ ਦੇਸ਼ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਦੇ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਤੀਜੇ ਪੜਾਅ ਵਿੱਚ 65 ਸਾਲ ਤੋਂ ਉਪਰ ਵਿਅਕਤੀਆਂ, ਗਰਭਵਤੀ ਮਹਿਲਾਵਾਂ ਤੇ 10 ਸਾਲ ਤੋਂ ਹੇਠਾਂ ਦੇ ਬੱਚਿਆਂ ਨੂੰ ਘਰਾਂ ਵਿੱਚ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਜਦੋਂਕਿ ਇਸ ਨਿਯਮ ’ਚ ਉਨ੍ਹਾਂ ਦੀ ਸਿਹਤ ਸਬੰਧੀ ਜ਼ਰੂਰਤਾਂ ਦੇ ਮੱਦੇਨਜ਼ਰ ਛੋਟ ਹੋਵੇਗੀ।

    ਕਿਸੇ ਬਹੁਤ ਜ਼ਰੂਰੀ ਮਾਮਲਿਆਂ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਹਵਾਈ ਉਡਾਣਾਂ, ਰੇਲ ਤੇ ਸੜਕਾਂ ਰਾਹੀਂ ਸਫਰ ਕੀਤਾ ਜਾ ਸਕੇਗਾ। ਹਰੇ ਜ਼ੋਨ ਵਿੱਚ 50 ਫੀਸਦੀ ਸੀਟਾਂ ਦੇ ਹਿਸਾਬ ਨਾਲ ਬੱਸਾਂ ਚੱਲ ਸਕਣਗੀਆਂ। ਲਾਲ ਜ਼ੋਨ ਵਿੱਚ ਪਾਬੰਦੀਸ਼ੁਦਾ ਇਲਾਕੇ ਦੇ ਬਾਹਰ ਮੈਡੀਕਲ ਸਹੂਲਤਾਂ, ਆਈਟੀ ਹਾਰਡਵੇਅਰ, ਜੂਟ ਇੰਡਸਟਰੀ ਦੇ ਵਰਕਰ ਜੋ ਉਸੇ ਇਲਾਕੇ ’ਚ ਰਹਿੰਦੇ ਹਨ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਲਾਲ ਜ਼ੋਨ ਦੇ ਪੇਂਡੂ ਇਲਾਕਿਆਂ ’ਚ ਨਾਈ ਦੀਆਂ ਦੁਕਾਨਾਂ ਤੋਂ ਬਿਨਾਂ ਖੇਤੀਬਾੜੀ, ਪਸ਼ੂ ਧੰਦੇ ਆਦਿ, ਬੈਂਕ ਸੇਵਾਵਾਂ, ਕੁਰੀਅਰ ਤੇ ਡਾਕ ਸੇਵਾਵਾਂ ਦੀ ਛੋਟ ਹੋਵੇਗੀ।

    ਕੋਵਿਡ-19 ਬਿਮਾਰੀ ਨਾਲ ਗ੍ਰਸਤ ਹੋ ਰਹੇ ਸੁਰੱਖਿਆ ਕਰਮੀਆਂ ਦੀ ਖ਼ਬਰਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਇਸ ਮਹਾਮਾਰੀ ਨਾਲ ਲੜਨ ਲਈ ਸੁਰੱਖਿਆ ਕਰਮੀਆਂ ਦੀਆਂ ਦੂਜੀਆਂ ਟੁਕੜੀਆਂ ਦੀ ਤਿਆਰੀ ਰੱਖਣ। ਇਸ ਵਿੱਚ ਹੋਮ ਗਾਰਡ, ਸਿਵਲ ਡਿਫੈਂਸ ਅਤੇ ਐੱਨਸੀਸੀ ਕੈਡਿਟਸ ਦੀ ਮਦਦ ਲਈ ਜਾ ਸਕਦੀ ਹੈ।

    ਕਿਹੜੀਆਂ ਸੇਵਾਵਾਂ ਦੀ ਹੋਵੇਗੀ ਮਨਾਹੀ

    ਹਵਾਈ ਉਡਾਣਾਂ, ਰੇਲ, ਮੈਟਰੋ, ਦੂਜੇ ਸੂਬੇ ’ਚ ਸੜਕਾਂ ਰਾਹੀਂ ਯਾਤਰਾ, ਸਕੂਲ, ਕਾਲਜ ਤੇ ਹੋਰ ਇੰਸਟੀਚਿਊਟ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਜ਼, ਜਿਮ, ਸਪੋਰਟਸ ਕੰਪਲੈਕਸ, ਸਮਾਜਿਕ ਅਤੇ ਰਾਜਨੀਤਕ ਸਮੇਤ ਹੋਰ ਇਕੱਠ, ਪਬਲਿਕ ਵਰਕਸ਼ਾਪ ਦੇ ਸਥਾਨ ਆਦਿ ’ਤੇ ਮਨਾਹੀ ਹੈ।