ਦਰਬਾਰ ਸਾਹਿਬ ਨੇੜੇ ਬੰਬ ਦੀ ਖ਼ਬਰ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਤਲਾਸ਼ੀ ਅਭਿਆਨ ਜਾਰੀ

0
550

ਅੰਮ੍ਰਿਤਸਰ | ਸ੍ਰੀ ਹਰਿਮੰਦਰ ਸਾਹਿਬ ਨੇੜੇ ਕਿਸੇ ਥਾਂ ‘ਤੇ ਚਾਰ ਬੰਬ ਰੱਖੇ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਨੇ 1.30 ਵਜੇ ਤੋਂ ਹੀ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਿਸ ਲਾਈਨ ਤੋਂ ਤੁਰੰਤ ਦਸ ਬੰਬ ਨਿਰੋਧਕ ਦਸਤੇ ਪਹੁੰਚ ਗਏ। ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਬੰਬ ਕਿਧਰੇ ਨਹੀਂ ਮਿਲਿਆ।

ਦੂਜੇ ਪਾਸੇ ਪੁਲਿਸ ਦੀ ਸਾਈਬਰ ਟੀਮ ਮੋਬਾਇਲ ਨੰਬਰ ਨੂੰ ਟਰੇਸ ਕਰ ਰਹੀ ਸੀ, ਜਿਸ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਪੁਲਿਸ ਸ਼ਨੀਵਾਰ ਦੁਪਹਿਰ ਤੱਕ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 1.30 ਵਜੇ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਕਿਸੇ ਅਣਪਛਾਤੇ ਮੋਬਾਇਲ ਨੰਬਰ ਤੋਂ ਸੂਚਨਾ ਦਿੱਤੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਚਾਰ ਬੰਬ ਲੁਕੋਏ ਹੋਏ ਹਨ। ਜੇਕਰ ਪੁਲਿਸ ‘ਚ ਹਿੰਮਤ ਹੈ ਤਾਂ ਉਹ ਇਨ੍ਹਾਂ ਧਮਾਕਿਆਂ ਨੂੰ ਰੋਕ ਲਵੇ।

ਇਸ ਤੋਂ ਬਾਅਦ ਮੁਲਜ਼ਮ ਨੇ ਕਾਲ ਕੱਟ ਦਿੱਤੀ ਪਰ ਕੰਟਰੋਲ ਰੂਮ ’ਤੇ ਬੈਠੀ ਟੀਮ ਨੇ ਮੁਲਜ਼ਮਾਂ ਨੂੰ ਕਈ ਵਾਰ ਕਾਲ ਕੀਤੀ ਪਰ ਉਸਨੇ ਕਾਲ ਨਹੀਂ ਚੁੱਕੀ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਪੀ ਨੌਨਿਹਾਲ ਸਿੰਘ ਨੂੰ ਸੂਚਿਤ ਕੀਤਾ। ਕੁਝ ਦੇਰ ਬਾਅਦ ਹੀ ਪੁਲਿਸ ਲਾਈਨ ਤੋਂ ਦਸ ਬੰਬ ਨਿਰੋਧਕ ਟੀਮਾਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਈਆਂ। ਹਾਲਾਂਕਿ ਉਦੋਂ ਤੱਕ ਪੂਰੇ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਖ਼ਦਸ਼ਾ ਹੈ ਕਿ ਹਮਲਾਵਰ ਪੰਜਾਬ ਭਰ ਵਿੱਚ ਲੁਕੇ ਹੋ ਸਕਦੇ ਹਨ। ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ ‘ਚ ਪਹੁੰਚ ਕੇ ਬੰਬ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਪਰ ਸਾਈਬਰ ਸੈੱਲ ਫੋਨ ਕਰਨ ਵਾਲੇ ਵਿਅਕਤੀ ਦੀ ਭਾਲ ‘ਚ ਹੈ।