ਅੰਬਾਲਾ| ਅੰਬਾਲਾ ਦੇ ਬਰਨਾਲਾ ‘ਚ ਕੁਝ ਲੋਕਾਂ ਨੇ ਬਿਜਲੀ ਘਰ ਦੇ ਮੁਲਾਜ਼ਮਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਇਸ ਮਾਮਲੇ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਨੇ ਥਾਣੇ ਅੱਗੇ ਰੋਸ ਪ੍ਰਗਟ ਕੀਤਾ। ਨੂੰ ਸ਼ਿਕਾਇਤ ਵੀ ਦਿੱਤੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਪਾਵਰ ਹਾਊਸ ਦੇ ਜੀਐਸਸੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਮੋਬਾਈਲ ਨੰਬਰ ’ਤੇ ਇੱਕ ਕਾਲ ਆਈ ਸੀ, ਜਿਸ ਵਿੱਚ ਫੀਡਰ ਦਾ ਸਮਾਂ ਮੰਗਿਆ ਗਿਆ ਸੀ। ਇਸ ਦੇ ਜਵਾਬ ਵਿੱਚ ਸਟਾਫ਼ ਨੇ ਦੱਸਿਆ ਕਿ ਇਹ ਫੀਡਰ ਰਾਤ ਨੂੰ 12 ਵਜੇ ਚੱਲੇਗਾ। ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗਾਲ੍ਹਾਂ ਕੱਢਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਕਰੀਬ 10 ਮਿੰਟ ਬਾਅਦ ਜਗਤਾਰ ਸਿੰਘ ਉਰਫ ਕਾਲਾ ਵਾਸੀ ਪਿੰਡ ਬਰਨਾਲਾ ਆਪਣੇ 3-4 ਸਾਥੀਆਂ ਸਮੇਤ ਬਿਜਲੀ ਘਰ ਪਹੁੰਚਿਆ। ਉਸ ਨੇ ਆਉਂਦਿਆਂ ਹੀ ਸਟਾਫ ‘ਤੇ ਲੋਹੇ ਦੀ ਰਾਡ ਅਤੇ ਤੇਜ਼ਧਾਰ ਚੀਜ਼ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਿੱਚ ਉਸ ਦੇ ਨਾਲ ਇੱਕ ਹੋਰ ਸਾਥੀ ਪਰਮਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦਫ਼ਤਰ ਦੀ ਭੰਨਤੋੜ ਕੀਤੀ, ਜਿਸ ਵਿੱਚ ਇੱਕ ਕੰਪਿਊਟਰ ਸੈਂਟਰ, ਇੱਕ ਪ੍ਰਿੰਟਰ, ਇੱਕ ਵੀਸੀਬੀ ਵੀ ਤੋੜਿਆ ਗਿਆ। ਮੁਲਜ਼ਮਾਂ ਨੇ ਦਫ਼ਤਰ ਦੀਆਂ ਫਾਈਲਾਂ ਵੀ ਪਾੜ ਦਿੱਤੀਆਂ।