ਅੰਮ੍ਰਿਤਪਾਲ ਨੇ CM ਮਾਨ ਤੋਂ ਬਾਅਦ ਹੁਣ PM ਮੋਦੀ ਨੂੰ ਦਿੱਤੀ ਧਮਕੀ, ਖਾਲਿਸਤਾਨ ਬਣਾਉਣ ਬਾਰੇ ਆਖੀ ਵੱਡੀ ਗੱਲ

0
248

ਚੰਡੀਗੜ੍ਹ | ਪੰਜਾਬ ਪੁਲਿਸ ਨੂੰ ਧਮਕੀ ਦੇਣ ਪਿੱਛੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੱਤੀ ਹੈ। ਪੰਜਾਬ ਪੁਲਿਸ ਦਾਅਵਾ ਕਰ ਰਹੀ ਹੈ ਕਿ ਅੰਮ੍ਰਿਤਪਾਲ ਨਹੀਂ ਮਿਲ ਰਿਹਾ ਤੇ ਉਸ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਅੰਮ੍ਰਿਤਪਾਲ ਥਾਂ-ਥਾਂ ਘੁੰਮ ਕੇ ਖ਼ਾਲਿਸਤਾਨ ਬਣਾਉਣ ਬਾਰੇ ਦਾਅਵੇ ਤੇ ਕੇਂਦਰੀ ਲੀਡਰਸ਼ਿਪ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀਆਂ ਦੇ ਰਿਹਾ ਹੈ। ਇਸ ਵਾਰ ਉਸ ਨੇ ਸਿੱਧੀ ਧਮਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਹੈ।

ਅੰਮ੍ਰਿਤਪਾਲ ਸਿੰਘ ਨੇ ਖ਼ਾਲਿਸਤਾਨ ਬਣਾਉਣ ਦੇ ਆਪਣੇ ਸੁਪਨੇ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਈ ਵੀ ਖ਼ਾਲਿਸਤਾਨ ਦੇ ਸੁਪਨੇ ਨੂੰ ਹਕੀਕਤ ’ਚ ਬਦਲਣ ਤੋਂ ਰੋਕ ਨਹੀਂ ਸਕਦਾ। ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ਦਾ ਹਰ ਬੱਚਾ ਖ਼ਾਲਿਸਤਾਨ ਲਈ ਆਵਾਜ਼ ਉਠਾ ਰਿਹਾ ਹੈ। ਪੰਜਾਬ ਨੂੰ ਖ਼ਾਲਿਸਤਾਨ ਬਣਾਉਣ ਲਈ ਕਈ ਪੁਰਖਿਆਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਯਕੀਨੀ ਕਰੇਗਾ ਕਿ ਖ਼ਾਲਿਸਤਾਨ ਬਣਾਇਆ ਜਾਵੇ, ਅਜਿਹਾ ਕਰਨ ਤੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਹੀਂ ਰੋਕ ਸਕਣਗੇ।

ਅੰਮ੍ਰਿਤਪਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨਹੀਂ ਰੋਕ ਸਕਦੇ, ਅਜਿਹਾ ਤਾਂ ਇੰਦਰਾ ਗਾਂਧੀ ਵੀ ਨਹੀਂ ਕਰ ਸਕੀ ਸੀ। ਮੋਗਾ ਜ਼ਿਲੇ ਦੇ ਪਿੰਡ ਬੁੱਧ ਸਿੰਘ ਵਾਲਾ ’ਚ ਅੰਮ੍ਰਿਤਪਾਲ ਸਿੰਘ ਸੰਬੋਧਨ ਕਰ ਰਿਹਾ ਸੀ। ਉਹ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਕਰਵਾਏ ਗਏ ਸਮਾਗਮ ’ਚ ਪੁੱਜਾ ਸੀ।