ਯੇਰੂਸ਼ਲਮ, 23 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। 46 ਦਿਨਾਂ ਤੋਂ ਜਾਰੀ ਇਜ਼ਰਾਈਲ-ਹਮਾਸ ਜੰਗ ’ਚ ਚਾਰ ਦਿਨਾਂ ਦੀ ਜੰਗਬੰਦੀ ਦੀ ਸਹਿਮਤੀ ਬਣ ਗਈ ਹੈ। ਸਮਝੌਤੇ ਤਹਿਤ ਅੱਤਵਾਦੀ ਸੰਗਠਨ ਹਮਾਸ 7 ਅਕਤੂਬਰ ਨੂੰ ਅਗਵਾ ਕਰਕੇ ਬੰਧਕ ਬਣਾਏ ਲੋਕਾਂ ’ਚੋਂ 50 ਔਰਤਾਂ ਤੇ ਬੱਚਿਆਂ ਨੂੰ ਰਿਹਾਅ ਕਰੇਗਾ, ਇਸ ਬਦਲੇ ਇਜ਼ਰਾਈਲ ਆਪਣੀਆਂ ਜੇਲ੍ਹਾਂ ’ਚ ਬੰਦ 150 ਫਲਸਤੀਨੀ ਔਰਤਾਂ ਤੇ ਬੱਚੇ ਛੱਡੇਗਾ। ਹੱਤਿਆ ਦੇ ਦੋਸ਼ ’ਚ ਬੰਦੀ ਕਿਸੇ ਵੀ ਕੈਦੀ ਦੀ ਇਜ਼ਰਾਈਲੀ ਜੇਲ੍ਹ ਤੋਂ ਰਿਹਾਈ ਨਹੀਂ ਹੋਵੇਗੀ। ਬੰਧਕ ਕੈਦੀਆਂ ਦੀ ਇਹ ਅਦਲਾ-ਬਦਲੀ ਗਾਜ਼ਾ ਪੱਟੀ ’ਚ ਜੰਗਬੰਦੀ ਦੌਰਾਨ ਹੋਵੇਗੀ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਜ਼ੋਰ ਦੇਣ ’ਤੇ ਕਤਰ ਦੀ ਵਿਚੋਲਗੀ ’ਚ ਹੋਏ ਜੰਗਬੰਦੀ ਸਮਝੌਤੇ ’ਤੇ ਭਾਰਤ ਸਮੇਤ ਪੂਰੇ ਸੰਸਾਰ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਨਾਲ ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ’ਚ ਮਾਰੇ ਜਾ ਰਹੇ ਨਿਰਦੋਸ਼ ਲੋਕਾਂ ਦੀ ਜਾਨ ਬਚੇਗੀ, ਨਾਲ ਹੀ ਉਥੋਂ ਦੀ 23 ਲੱਖ ਆਬਾਦੀ ਦੇ ਜੀਵਨ ਦੀਆਂ ਮੁਸ਼ਕਿਲਾਂ ਘੱਟ ਹੋਣਗੀਆਂ।
ਇਜ਼ਰਾਈਲ ਸਰਕਾਰ ਨੇ ਦੱਸਿਆ ਕਿ 50 ਇਜ਼ਰਾਈਲੀ ਬੰਧਕਾਂ ਦੀ ਰਿਹਾਈ ਜੰਗਬੰਦੀ ਦੇ 4 ਦਿਨਾਂ ’ਚ ਹੋਵੇਗੀ। ਇਸ ਤੋਂ ਬਾਅਦ ਹਰ ਦਿਨ 10 ਇਜ਼ਰਾਈਲੀ ਬੰਧਕਾਂ ਦੀ ਰਿਹਾਈ ਹੋਣ ’ਤੇ ਜੰਗਬੰਦੀ ਇਕ ਦਿਨ ਲਈ ਵਧ ਜਾਵੇਗੀ। ਬੁੱਧਵਾਰ ਸਵੇਰੇ ਇਜ਼ਰਾਈਲੀ ਮੰਤਰੀ ਮੰਡਲ ਦੀ ਇਜਾਜ਼ਤ ਮਿਲਣ ਤੋਂ ਬਾਅਦ ਸਮਝੌਤੇ ’ਤੇ ਸੰਸਦ ਦੀ ਵੀ ਪ੍ਰਵਾਨਗੀ ਲੈ ਲਈ ਗਈ। ਕੁਝ ਹੋਰ ਰਸਮਾਂ ਤੋਂ ਬਾਅਦ ਜੰਗਬੰਦੀ ਦੇ ਵੀਰਵਾਰ ਸਵੇਰੇ ਤੋਂ ਲਾਗੂ ਹੋਣ ਦੀ ਉਮੀਦ ਹੈ।
ਉਸ ਤੋਂ ਬਾਅਦ ਗਾਜ਼ਾ ’ਚ ਇਜ਼ਰਾਈਲੀ ਫੌਜ ਤੇ ਹਮਾਸ ਦੇ ਲੜਾਕਿਆਂ ਦੀ ਲੜਾਈ ਰੁਕੇਗੀ ਤੇ ਬੰਧਕ ਕੈਦੀਆਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸਮਝੌਤੇ ਦੇ ਸਬੰਧ ’ਚ ਇਜ਼ਰਾਈਲ ਸਰਕਾਰ ਦੇ ਬਿਆਨ ’ਚ ਰਿਹਾਅ ਕੀਤੇ ਜਾਣ ਵਾਲੇ ਫਲਸਤੀਨੀ ਕੈਦੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਹੈ ਪਰ ਸੂਤਰ ਦੱਸਦੇ ਹਨ ਕਿ 150 ਤੋਂ 300 ਫਲਸਤੀਨੀ ਕੈਦੀਆਂ ਦੀ ਰਿਹਾਈ ਹੋ ਸਕਦੀ ਹੈ।