ਪਟਿਆਲਾ ‘ਚ ਸੂਰਾਂ ‘ਚ ਫੈਲਿਆ ਅਫਰੀਕਨ ਸਵਾਈਨ ਫੀਵਰ, ਪਿੰਡ ਨੂੰ ਸੰਕ੍ਰਮਿਤ ਇਲਾਕਾ ਕੀਤਾ ਗਿਆ ਘੋਸ਼ਿਤ

0
3772

ਪਟਿਆਲਾ 1 ਅਗਸਤ | – ਪੰਜਾਬ ਦੇ ਪਟਿਆਲਾ ‘ਚ ਸੂਰਾਂ ‘ਚ ਅਫਰੀਕਨ ਸਵਾਈਨ ਫੀਵਰ (ASF) ਦਾ ਕੇਸ ਸਾਹਮਣੇ ਆਇਆ ਹੈ। ਇਸ ਦੇ ਤੁਰੰਤ ਬਾਅਦ ਪਟਿਆਲਾ ਦੇ ਪਿੰਡ ਰਾਵਸ ਬ੍ਰਾਹਮਣ ਦੇ ਲਗਭਗ 10 ਕਿਲੋਮੀਟਰ ਇਲਾਕੇ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਉਪ ਨਿਰਦੇਸ਼ਕ ਨੇ ਪਿੰਡ ਨੂੰ ਸੰਕ੍ਰਮਿਤ ਇਲਾਕਾ ਘੋਸ਼ਿਤ ਕਰ ਦਿੱਤਾ ਹੈ। ਇਸਦੇ ਨਾਲ ਹੀ ਸੂਰਾਂ ਦੇ ਫਾਰਮਾਂ ਅਤੇ ਸੰਬੰਧਿਤ ਸਮਾਨ ਦੀ ਆਵਾਜਾਈ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਗਈ ਹੈ।

ਦਸਣਯੋਗ ਹੈ ਕਿ 30 ਸਤੰਬਰ ਤੱਕ ਪਾਬੰਦੀਆਂ ਲਾਗੂ ਰਹਿਣਗੀਆਂ । ਪ੍ਸ਼ਾਸਨਕ ਜਾਣਕਾਰੀ ਮੁਤਾਬਕ 31 ਜੁਲਾਈ ਤੋਂ 30 ਸਤੰਬਰ 2025 ਤੱਕ ਲਾਗੂ ਰਹਿਣ ਵਾਲੀਆਂ ਪਾਬੰਦੀਆਂ ਹੇਠਾਂ, ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾਂ ਇਲਾਕੇ ਦੇ ਅੰਦਰ ਜੀਉਂਦੇ ਜਾਂ ਮਰੇ ਹੋਏ ਸੂਰ (ਜੰਗਲੀ ਸੂਰ ਸਮੇਤ), ਸੂਰਾਂ ਦਾ ਮਾਸ, ਚਾਰਾ, ਖੇਤੀਬਾੜੀ ਸਬੰਧੀ ਸਮਾਨ ਅਤੇ ਮਸ਼ੀਨਰੀ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ।

ਇਸਦੇ ਨਾਲ ਹੀ 10 ਕਿਲੋਮੀਟਰ ਇਲਾਕਾ ਨਿਗਰਾਨੀ ਖੇਤਰ ਘੋਸ਼ਿਤ ਕੀਤਾ ਗਿਆ ਹੈ। ADC ਦੁਆਰਾ ਜਾਰੀ ਹੁਕਮਾਂ ਅਨੁਸਾਰ, ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ ਵੱਲੋਂ ਦਿੱਤੀ ਗਈ ਰਿਪੋਰਟ ਦੇ ਅਧਾਰ ‘ਤੇ ਰਾਵਸ ਬ੍ਰਾਹਮਣ ਪਿੰਡ ਵਿੱਚ ਮਿਲੇ ਕੇਸ ਦੇ ਆਧਾਰ ‘ਤੇ ਰੋਗ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਸੰਕ੍ਰਮਿਤ ਖੇਤਰ ਤੇ 1 ਤੋਂ 10 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਨਿਗਰਾਨੀ ਖੇਤਰ ਘੋਸ਼ਿਤ ਕੀਤਾ ਗਿਆ ਹੈ। ਅੱਗੇ ਹੋਰ ਸਰਵੇਖਣ, ਨਿਗਰਾਨੀ ਅਤੇ ਸੰਭਾਵੀ ਕਾਰਵਾਈ ਲਈ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵਲੋਂ ਇਨ੍ਹਾਂ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰੀ ਹੁਕਮਾਂ ਦੀ ਪੂਰੀ ਪਾਲਣਾ ਕਰਨ ਅਤੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਿਯੋਗ ਕਰਨ।

ਅਫਰੀਕਨ ਸਵਾਈਨ ਫੀਵਰ ਇਨਾਂ ਖਤਰਨਾਕ ਹੈ ਕਿ ਜੇਕਰ ਇਹ ਕਿਸੇ ਸੂਰ ਨੂੰ ਹੁੰਦਾ ਹੈ ਤਾਂ ਇਸ ਨਾਲ ਉਸਦੀ ਮੌਤ 100% ਹੈ। ਇਹ ਰੋਗ ਇਨਸਾਨਾਂ ਵਿੱਚ ਨਹੀਂ ਫੈਲਦਾ। ਇਹ ਬੀਮਾਰੀ ਇੱਕ ਸੂਰ ਤੋਂ ਦੂਜੇ ਵਿੱਚ ਛੂਹਣ ਜਾਂ ਬਾਡੀ ਫਲੂਇਡ ਰਾਹੀਂ ਫੈਲਦੀ ਹੈ।