ਪ੍ਰੀ-ਨਰਸਰੀ ਸਕੂਲਾਂ ਨੂੰ ਲੈ ਕੇ ਪ੍ਰਸ਼ਾਸਨ ਸਖਤ, ਬਿਨਾਂ ਰਜਿਸਟ੍ਰੇਸ਼ਨ ਵਾਲੇ ਸਕੂਲ ਹੋਣਗੇ ਬੰਦ

0
20
ਕਪੂਰਥਲਾ, 11 ਜਨਵਰੀ | ਜ਼ਿਲਾ ਪ੍ਰਸ਼ਾਸਨ ਨੇ ਕਪੂਰਥਲਾ ਜ਼ਿਲੇ ਵਿਚ ਚੱਲ ਰਹੇ ਅਣ-ਅਧਿਕਾਰਤ ਪ੍ਰੀ-ਨਰਸਰੀ ਅਤੇ ਪਲੇ-ਵੇਅ ਸਕੂਲਾਂ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਡੀਸੀ ਅਮਿਤ ਕੁਮਾਰ ਪੰਚਾਲ ਨੇ ਇੱਕ ਅਹਿਮ ਹੁਕਮ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਸਾਰੇ ਪ੍ਰੀ-ਨਰਸਰੀ ਅਤੇ ਪਲੇ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ।
ਡੀਸੀ ਪੰਚਾਲ ਨੇ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਰਜਿਸਟ੍ਰੇਸ਼ਨ ਵਾਲੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਅਣ-ਰਜਿਸਟਰਡ ਸਕੂਲ ਸੰਚਾਲਕਾਂ ਨੂੰ ਤੁਰੰਤ ਜ਼ਿਲਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰਨ ਦੀ ਹਦਾਇਤ ਕੀਤੀ ਹੈ। ਦਫ਼ਤਰ ਚੌਥੀ ਮੰਜ਼ਿਲ ‘ਤੇ ਕਮਰਾ ਨੰਬਰ 412 ‘ਚ ਸਥਿਤ ਹੈ। ਸਕੂਲ ਪ੍ਰਬੰਧਕ ਰਜਿਸਟ੍ਰੇਸ਼ਨ ਲਈ ਟੈਲੀਫੋਨ ਨੰਬਰ 01822-450187 ‘ਤੇ ਵੀ ਸੰਪਰਕ ਕਰ ਸਕਦੇ ਹਨ।
ਇਹ ਕਾਰਵਾਈ ਵਿਦਿਅਕ ਅਦਾਰਿਆਂ ਵਿਚ ਗੁਣਵੱਤਾ ਅਤੇ ਮਿਆਰ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦਾ ਇਹ ਕਦਮ ਬੱਚਿਆਂ ਦੀ ਸੁਰੱਖਿਆ ਅਤੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਪਹਿਲ ਹੈ।