ਜਲੰਧਰ ਦੇ ਡਾ.ਬੀ.ਆਰ.ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੌਜੀ ‘ਚ ਬਣੇਗਾ 800 ਬੈਡਾਂ ਵਾਲੀ ਕੋਵਿਡ ਕੇਅਰ ਸੈਂਟਰ

0
569

ਡਿਪਟੀ ਕਮਿਸ਼ਨਰ ਵਲੋਂ ਮਰੀਜ਼ਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਉਚ ਪਧਰੀ ਕਮੇਟੀ ਦਾ ਗਠਨ

ਜਲੰਧਰ . ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਡਾ.ਬੀ.ਆਰ.ਅੰਬੇਦਕਰ ਨੈਸ਼ਨਲ ਇੰਸਟੀਊਟ ਆਫ਼ ਤਕਨਾਲੌਜੀ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ 800 ਬੈਡਾਂ ਵਾਲੀ ਕੋਵਿਡ ਕੇਅਰ ਸਹੂਲਤ ਨੋਟੀਫਾਈ ਕੀਤਾ ਗਿਆ ਹੈ।  

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਡਾ.ਬੀ.ਆਰ.ਅੰਬੇਦਕਰ ਇੰਸਟੀਚਿਊਟ ਆਫ਼ ਤਕਨਾਲੋਜੀ ਵਿਖੇ 800 ਬੈਡਾਂ ਦੇ ਪ੍ਰਬੰਧ ਲਈ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਥੋਰੀ ਨੇ ਦੱਸਿਆ ਕਿ ਇਹ ਕਮੇਟੀ ਅਸਟੇਟ ਅਫ਼ਸਰ ਪੁੱਡਾ ਨਵਨੀਤ ਕੌਰ ਬੱਲ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ ਜਿਸ ਵਿੱਚ ਡੀ.ਐਸ.ਪੀ.ਕਰਤਾਰਪੁਰ ਸੁਰਿੰਦਰਪਾਲ, ਜ਼ਿਲ੍ਹਾ ਸਿਹਤ ਅਫ਼ਸਰ ਡਾ.ਸੁਰਿੰਦਰ ਸਿੰਘ, ਰਜਿਸਟਰਾਰ ਡਾ.ਬੀ.ਆਰ.ਅੰਬੇਦਕਰ ਇੰਸਟੀਚਿਊਟ ਆਫ਼ ਤਕਨਾਲੌਜੀ ਐਸ.ਕੇ.ਮਿਸ਼ਰਾ, ਐਸ.ਡੀ.ਓ. ਜਤਿੰਦਰ ਅਰੁਣ, ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰਾਮ ਲਾਲ, ਜੇ.ਈ. ਅਸ਼ਵਨੀ ਘੇਰਾ, ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਜਗਮੋਹਨ ਸਿੰਘ, ਈ.ਟੀ.ਓ ਪਵਨ ਕੁਮਾਰ ਅਤੇ ਐਸ.ਡੀ.ਓ. ਲੋਕ ਨਿਰਮਾਣ (ਬੀ.ਐਂਡ ਆਰ) ਸੋਮ ਨਾਥ ਵਰਮਾ ਬਤੌਰ ਮੈਂਬਰ ਹੋਣਗੇ।

ਥੋਰੀ ਨੇ ਕਿਹਾ ਕਿ ਇਸ ਕਮੇਟੀ ਵਲੋਂ ਕੋਵਿਡ ਕੇਅਰ ਸੈਂਟਰ ਵਿਖੇ ਮਰੀਜ਼ਾਂ ਲਈ ਮਿਆਰੀ ਇਲਾਜ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਲੋੜੀਂਦੀ ਮਾਤਰਾ ਵਿੰਚ ਮੈਡੀਕਲ ਅਤੇ ਮਨੁੱਖੀ ਸਰੋਤ, ਦਵਾਈਆਂ ਦੀ ਉਪਲਬੱਧਤਾ, ਆਕਸੀਜਨ ਸੈਲੰਡਰਾਂ ਦੀ ਸਪਲਾਈ ਅਤੇ ਮਰੀਜ਼ਾਂ ਦੀ ਲੋੜ ਦਾ ਸਾਜੋ ਸਮਾਨ, ਬਣੇ ਭੋਜਨ ਅਤੇ ਪਾਣੀ ਦੀ ਨਿਯਮਤ ਸਪਲਾਈ, ਪਾਣੀ ਦਾ ਭੰਡਾਰ ਕਰਨਾ, ਨਿਰਵਿਘਨ ਬਿਜਲੀ ਸਪਲਾਈ, ਕਪੜੇ ਧੋਣ ਦੀ ਸਹੂਲਤ ਅਤੇ ਕੋਵਿਡ ਕੇਅਰ ਸੈਂਟਰ ਵਿਖੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ  ਦੱਸਿਆ ਕਿ ਇਸ ਸਬੰਧੀ ਵਿਆਪਕ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਅਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਆਈਸੋਲੇਸ਼ਨ ਦੌਰਾਨ ਮਰੀਜਾਂ ਲਈ ਵਧੀਆ ਰਹਿਣ-ਸਹਿਣ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ।

ਥੋਰੀ ਨੇ ਦੱਸਿਆ ਕਿ ਲੋਕਾਂ ਦੇ ਸਰਗਰਮ ਸਹਿਯੋਗ ਅਤੇ ਮਦਦ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਧੀਰਜ ਬਣਾਈ ਰੱਖਣ ਅਤੇ ਉਨ੍ਹਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਕੋਵਿਡ-19 ਖਿਲਾਫ਼ ਜੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਅਤੇ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ।