ਧੀ ਨੂੰ ਲੋਹੜੀ ਦੇ ਕੇ ਆ ਰਹੇ ਮਾਪਿਆਂ ਨਾਲ ਵਾਪਰਿਆ ਹਾਦਸਾ, ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ, 2 ਜ਼ਖਮੀ

0
70

ਫਾਜ਼ਿਲਕਾ, 13 ਜਨਵਰੀ | ਜ਼ਿਲੇ ‘ਚ ਫਾਜ਼ਿਲਕਾ-ਮਲੋਟ ਹਾਈਵੇ ‘ਤੇ ਪਿੰਡ ਪੂਰੀਪੱਤੀ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਆਪਣੀ ਧੀ ਦੀ ਲੋਹੜੀ ਦੇ ਕੇ ਵਾਪਸ ਪਰਤ ਰਹੇ ਪਰਿਵਾਰ ਦੇ ਬਾਈਕ ਨੂੰ ਦੂਜੇ ਬਾਈਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਦਿੰਦਿਆਂ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਸੁਖਦੇਵ ਸਿੰਘ ਨਾਲ ਪਿੰਡ ਡੱਬਵਾਲੀ ਆਪਣੀ ਲੜਕੀ ਦੀ ਲੋਹੜੀ ਮਨਾਉਣ ਗਈ ਸੀ। ਵਾਪਸੀ ਦੌਰਾਨ ਪਿੰਡ ਪੂਰੀਪੱਤੀ ਨੇੜੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਸੁਰਜੀਤ ਕੌਰ ਨੇ ਦੋਸ਼ ਲਾਇਆ ਕਿ ਦੂਜਾ ਬਾਈਕ ਸਵਾਰ ਨਸ਼ੇ ਦੀ ਹਾਲਤ ਵਿਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਹਾਦਸੇ ਵਿਚ ਸੁਖਦੇਵ ਸਿੰਘ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਅਤੇ ਉਹ ਬੇਹੋਸ਼ ਹੋ ਗਿਆ। ਮੌਕੇ ‘ਤੇ ਪਹੁੰਚੇ ਰੋਡ ਸੇਫਟੀ ਫੋਰਸ ਦੇ ਕਰਮਚਾਰੀ ਸਾਹਿਲ ਸਚਦੇਵਾ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਗੰਭੀਰ ਜ਼ਖਮੀ ਸੁਖਦੇਵ ਸਿੰਘ ਨੂੰ ਹਸਪਤਾਲ ਪਹੁੰਚਾਇਆ। ਦੂਜੇ ਬਾਈਕ ਦੇ ਚਾਲਕ ਆਤਮਾ ਸਿੰਘ ਨੂੰ ਵੀ ਆਪਣੀ ਹੀ ਕਾਰ ਵਿਚ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਉਧਰ ਆਤਮਾ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਸਾਈਡ ‘ਤੇ ਸਹੀ ਦਿਸ਼ਾ ਵੱਲ ਜਾ ਰਿਹਾ ਸੀ ਕਿ ਅਚਾਨਕ ਸੁਖਦੇਵ ਸਿੰਘ ਨੇ ਸਾਈਕਲ ਮੋੜ ਦਿੱਤਾ, ਜਿਸ ਕਾਰਨ ਟੱਕਰ ਹੋ ਗਈ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।