ਅਬੋਹਰ, 2 ਨਵੰਬਰ| ਪਦਮਪੁਰ ਤੋਂ ਅਬੋਹਰ ਪਰਤ ਰਹੀ ਗਰਭਵਤੀ ਔਰਤ ਦਾ ਅਬੋਹਰ ਤੋਂ ਪੰਜ ਕਿਲੋਮੀਟਰ ਪਹਿਲਾਂ ਹੀ ਬੁੱਧਵਾਰ ਨੂੰ ਬੱਸ ’ਚ ਹੀ ਜਣੇਪਾ ਹੋ ਗਿਆ। ਔਰਤ ਦੇ ਪਤੀ ਤੇ ਨਾਨੀ ਸੱਸ ਨੇ ਉਸ ਨੂੰ ਸੰਭਾਲਦਿਆਂ ਨਰ ਸੇਵਾ ਨਾਰਾਇਣ ਸੇਵਾ ਕਮੇਟੀ ਦੇ ਮੈਂਬਰ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਦੋਵੇਂ ਸਿਹਤਮੰਦ ਹਨ।
ਪਿੰਡ ਖੁੱਬਨ ਵਾਸੀ ਗੁਰਦਿੱਤ ਸਿੰਘ, ਉਸ ਦੀ ਗਰਭਵਤੀ ਪਤਨੀ ਅਮਰਜੀਤ ਕੌਰ, ਉਸ ਦੀ ਨਾਨੀ ਕੰਮੋ ਬਾਈ ਤੇ ਚਾਰ ਸਾਲ ਦੇ ਬੱਚੇ ਸਮੇਤ ਪਦਮਪੁਰ ’ਚ ਨਰਮਾ ਚੁਗਾਈ ਲਈ ਗਏ ਹੋਏ ਸਨ। ਪਦਮਪੁਰ ’ਚ ਅਮਰਜੀਤ ਦੀ ਜਾਂਚ ਕਰਵਾਈ ਤਾਂ ਡਾਕਟਰਾਂ ਨੇ ਕਿਹਾ ਕਿ ਹਾਲੇ ਜਣੇਪੇ ਵਿਚ 15 ਦਿਨ ਬਾਕੀ ਹਨ, ਜਿਸ ਤੋਂ ਬਾਅਦ ਉਹ ਅਬੋਹਰ ਲਈ ਬੱਸ ਵਿਚ ਸਵਾਰ ਹੋ ਗਏ ਪਰ ਅਬੋਹਰ ਤੋਂ ਪੰਜ ਕਿਲੋਮੀਟਰ ਦੂਰ ਔਰਤ ਨੂੰ ਬੱਸ ਵਿਚ ਸੜਕ ਖਰਾਬ ਹੋਣ ਕਾਰਨ ਵੱਧ ਝਟਕੇ ਲੱਗੇ, ਜਿਸ ਕਾਰਨ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ ਤੇ ਕੁਝ ਦੇਰ ਬਾਅਦ ਬੱਸ ’ਚ ਹੀ ਜਣੇਪਾ ਹੋ ਗਿਆ।
ਇਸ ਦੌਰਾਨ ਉਸ ਦੀ ਨਾਨੀ ਸੱਸ ਤੇ ਇਕ ਔਰਤ ਨੇ ਹਿੰਮਤ ਦਿਖਾਉਂਦਿਆਂ ਕਿਸੇ ਤਰ੍ਹਾਂ ਜੱਚਾ-ਬੱਚਾ ਨੂੰ ਸੰਭਾਲਿਆ। ਇਸ ਦੌਰਾਨ ਬੱਸ ਚਾਲਕ ਨੇ ਵੀ ਬੱਸ ਨੂੰ ਤੇਜ਼ੀ ਨਾਲ ਭਜਾਉਂਦਿਆਂ ਉਨ੍ਹਾਂ ਨੂੰ ਮਲੋਟ ਚੌਕ ਤੱਕ ਪਹੁੰਚਾ ਦਿੱਤਾ। ਸ਼ਹਿਰ ਵਿਚ ਭੀੜ ਹੋਣ ਕਾਰਨ ਬੱਸ ਹਸਪਤਾਲ ਤੱਕ ਨਹੀਂ ਪੁੱਜ ਸਕੀ।