ਅਬੋਹਰ : ਪਾਣੀ ਦੀ ਵਾਰੀ ਨੂੰ ਲੈ ਕੇ ਭਿੜੇ 2 ਸਕੇ ਭਰਾ; ਇਕ-ਦੂਜੇ ਦੇ ਪਰਿਵਾਰ ‘ਤੇ ਕੀਤਾ ਹਮਲਾ

0
489

ਅਬੋਹਰ, 14 ਅਕਤੂਬਰ | ਪਿੰਡ ਜੰਡਵਾਲਾ ਹਨੂੰਵੰਤਾ ਵਿਚ ਪਾਣੀ ਦੀ ਵਾਰੀ ਨੂੰ ਲੈ ਕੇ 2 ਸਕੇ ਭਰਾਵਾਂ ਵਿਚ ਲੜਾਈ ਹੋ ਗਈ। ਦੋਵਾਂ ਨੇ ਇਕ-ਦੂਜੇ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਦੋਵਾਂ ਧਿਰਾਂ ਦੇ ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਲਾਜ ਅਧੀਨ ਨਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਖੇਤ ਵਿਚ ਪਾਣੀ ਦੀ ਵਾਰੀ ਸੀ, ਜਦੋਂ ਉਹ ਖੇਤ ਨੂੰ ਪਾਣੀ ਲਾਉਣ ਗਿਆ ਤਾਂ ਉਸ ਦੇ ਭਰਾ ਰਜਿੰਦਰਾ ਨੇ ਪਰਿਵਾਰ ਸਮੇਤ ਖੇਤ ਵਿਚ ਉਸ ਦੀ ਕੁੱਟਮਾਰ ਕੀਤੀ।

ਉਸ ਨੂੰ ਟੋਏ ਵਿਚ ਸੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਉਸ ਦਾ ਭਰਾ ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਚੁੱਕਾ ਹੈ। ਇਸੇ ਮਾਮਲੇ ਵਿਚ ਜ਼ਖ਼ਮੀ ਹੋਏ ਦੂਜੀ ਧਿਰ ਦੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਪਾਣੀ ਦੀ ਵਾਰੀ ਸੀ। ਉਸ ਦਾ ਭਰਾ ਨਰਿੰਦਰ ਉਸ ਦੇ ਘਰ ਆਇਆ ਅਤੇ ਉਸ ਨਾਲ ਬਹਿਸ ਕੀਤੀ ਅਤੇ ਉਸ ਦੀ ਕੁੱਟਮਾਰ ਕੀਤੀ।

ਜਦੋਂ ਉਸ ਦੀ ਪਤਨੀ ਕਾਂਤਾ ਉਸ ਨੂੰ ਬਚਾਉਣ ਲਈ ਆਈ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜਦੋਂ ਉਹ ਖੇਤਾਂ ਵਿਚ ਪਾਣੀ ਲਾਉਣ ਗਿਆ ਤਾਂ ਉਥੇ ਵੀ ਉਸ ਦੀ ਕੁੱਟਮਾਰ ਕੀਤੀ। ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।