ਰਿਸ਼ਵਤ ਲੈਣ ਵਾਲੇ ਆਪ ਵਿਧਾਇਕ ਨੂੰ ਭੇਜਿਆ ਪਟਿਆਲਾ ਜੇਲ੍ਹ, ਕਹਿੰਦਾ- ਬਠਿੰਡਾ ਜੇਲ੍ਹ ’ਚ ਗੈਂਗਸਟਰ ਬਹੁਤ ਆ, ਮੈਂ ਨੀਂ ਉਥੇ ਜਾਣਾ

0
908

ਬਠਿੰਡਾ| 4 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਬਠਿੰਡਾ ਦਿਹਾਤ ਤੋਂ ਵਿਧਾਇਕ ਅਮਿਤ ਰਤਨ ਨੂੰ ਅਦਾਲਤ ਨੇ ਵੀਰਵਾਰ ਨੂੰ 14  ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਅਮਿਤ ਰਤਨ ਨੂੰ 22 ਫਰਵਰੀ ਦੀ ਰਾਤ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਦਿਨ ਤੋਂ ਉਹ ਵਿਜੀਲੈਂਸ ਕੋਲ ਰਿਮਾਂਡ ਉਤੇ ਸੀ।

ਇਸ ਮੌਕੇ ਆਪ ਵਿਧਾਇਕ ਅਮਿਤ ਰਤਨ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਪਾਲਿਕਾ ਉਤੇ ਪੂਰਾ ਭਰੋਸਾ ਹੈ। ਵਿਜੀਲੈਂਸ ਦੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਉਸ ਕੋਲੋਂ ਪੁੱਛਗਿਛ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਵਿਜੀਲੈਂਸ ਨੇ ਆਪ ਵਿਧਾਇਕ ਦਾ ਰਿਮਾਂਡ ਨਹੀਂ ਮੰਗਿਆ। ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਵਿਜੀਲੈਂਸ ਰਿਮਾਂਡ ਦੌਰਾਨ ਆਪ ਵਿਧਾਇਕ ਕੋਲੋਂ ਕੁਝ ਵੀ ਬਰਾਮਦ ਨਹੀਂ ਕਰ ਸਕੀ।

ਅਮਿਤ ਰਤਨ ਨੂੰ ਬਠਿੰਡਾ ਦੀ ਬਜਾਇ ਪਟਿਆਲਾ ਜੇਲ੍ਹ ਭੇਜਣ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਅਪੀਲ ਇਸ ਲਈ ਕੀਤੀ ਹੈ ਕਿਉਂਕਿ ਬਠਿੰਡਾ ਜੇਲ੍ਹ ਵਿਚ ਏ-ਕੈਟਾਗਿਰੀ ਦੇ ਗੈਂਗਸਟਰ ਹਨ, ਜਿਥੇ ਵਿਧਾਇਕ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਦੇ ਕਰੀਬੀ ਰਿਸ਼ਮ ਗਰਗ ਨੂੰ ਉਕਤ ਮਾਮਲੇ ਵਿਚ 16 ਫਰਵਰੀ ਨੂੰ ਸਰਕਟ ਹਾਊਸ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜੋ ਹੁਣ 10 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਹੈ। ਦੂਜੇ ਪਾਸੇ ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਧਾਇਕ ਦੀ ਚੰਡੀਗੜ੍ਹ ਤੇ ਪਟਿਆਲਾ ਸਥਿਤ ਰਿਹਾਇਸ਼ ਤੋਂ ਮਿਲੇ ਕਾਗਜਾਂ ਦੀ ਜਾਂਚ ਕੀਤੀ ਜਾ ਰਹੀ ਹੈ।