ਆਪ ਨੇ ਵਿਰੋਧੀ ਪਾਰਟੀਆਂ ਨੂੰ 1 ਨਵੰਬਰ ਦੀ ਬਹਿਸ ਲਈ ਕੀਤੀ ਆਖਰੀ ਅਪੀਲ, ਕਿਹਾ- ਆਉਣ ਵਾਲੇ ਸਾਰੇ ਆਗੂਆਂ ਤੇ ਲੋਕਾਂ ਦੀ ਸੁਰੱਖਿਆ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ

0
662

ਚੰਡੀਗੜ੍ਹ, 31 ਅਕਤੂਬਰ | ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਬਹਿਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

ਮੰਗਲਵਾਰ ਨੂੰ ਪਾਰਟੀ ਹੈਡਕੁਆਰਟਰ ਤੋਂ ਬੁਲਾਰੇ ਗੋਵਿੰਦਰ ਮਿੱਤਲ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕਂਗ ਨੇ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਪ੍ਰੈੱਸ ਕਾਨਫਰੰਸ ਕਰਕੇ ਇਸ ਚਰਚਾ ਤੋਂ ਪਿੱਛੇ ਹਟਣ ਦਾ ਬਹਾਨਾ ਬਣਾ ਰਹੇ ਹਨ।

ਕਲ ਦੇ ਲੁਧਿਆਣਾ ਵਿੱਚ ਸੁਰੱਖਿਆ ਦੇ ਮੁੱਦੇ ’ਤੇ ਕੰਗ ਨੇ ਕਿਹਾ ਕਿ ਇਸ ਬਹਿਸ ਵਿੱਚ ਹਾਜ਼ਰ ਸਾਰੇ ਆਗੂਆਂ ਅਤੇ ਲੋਕਾਂ ਦੀ ਸੁਰੱਖਿਆ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਅਧਿਕਾਰੀ ਹੀ ਲੋੜੀਂਦੇ ਕਦਮ ਚੁੱਕ ਰਹੇ ਹਨ। ਕੰਗ ਨੇ ਇਕ ਵਾਰ ਫਿਰ ਸੁਨੀਲ ਜਾਖੜ, ਸੁਖਬੀਰ ਬਾਦਲ, ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਵਾਬਦੇਹੀ ਤੋਂ ਭੱਜਣ ਦੇ ਬਹਾਨੇ ਨਾ ਲੱਭਣ ਅਤੇ ਪੰਜਾਬ ਲਈ ਇਸ ਬਹਿਸ ਵਿਚ ਹਿੱਸਾ ਲੈਣ।

ਕੰਗ ਨੇ ਕਿਹਾ- ਬਹਿਸ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਕੇਂਦਰਿਤ ਹੋਵੇਗੀ ਜਿਵੇਂ ਕਿ ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਜ਼ਿਕਰ ਕੀਤਾ ਹੈ। ਭਗਵੰਤ ਮਾਨ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਬਹਿਸ ਲਈ ਸਾਂਝੇ ਮੰਚ ‘ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਲੁੱਟਣ ਵਾਲੇ ਸਾਰੇ ਭ੍ਰਿਸ਼ਟਾਚਾਰੀਆਂ ਦਾ ਪਰਦਾਫਾਸ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਹਿਸ ਟੋਲ ਪਲਾਜ਼ਿਆਂ, ਨੌਜਵਾਨਾਂ, ਕਿਸਾਨਾਂ, ਖੇਤੀਬਾੜੀ, ਵਪਾਰੀਆਂ, ਪੰਜਾਬ ਦੇ ਪਾਣੀਆਂ ਅਤੇ ਗੁਰੂ ਸਾਹਿਬ ਦੀ ਬਾਣੀ ‘ਤੇ ਕੇਂਦਰਿਤ ਹੋਵੇਗੀ।

ਕੰਗ ਨੇ ਕਿਹਾ ਕਿ ਇਹ ਆਗੂ ਪੰਜਾਬ ਦੇ ਮੁੱਦਿਆਂ ਪ੍ਰਤੀ ਗੰਭੀਰ ਨਾ ਹੋਣ ਕਾਰਨ ਇਸ ਬਹਿਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੇ ਅੱਜ ਫਿਰ ਇੱਕ ਪੀ.ਸੀ. ਵਿੱਚ ਕੁਝ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਉਹ ਐਸਵਾਈਐਲ ਨਹਿਰ ਬਣਾਉਣ ਲਈ ਤਿਆਰ ਹਨ ਪਰ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਨਹੀਂ ਬਣਨ ਦੇ ਰਹੀਆਂ। ਕੰਗ ਨੇ ਕਿਹਾ ਕਿ ਇਹ ਬੇਬੁਨਿਆਦ ਇਲਜ਼ਾਮ ਹੈ ਜੇਕਰ ਅਕਾਲੀ ਦਲ ਕੋਲ ਕੋਈ ਸਬੂਤ ਹੈ ਕਿ ਮਾਨ ਸਰਕਾਰ ਨੇ ਕੋਈ ਪੰਜਾਬ ਵਿਰੋਧੀ ਸਟੈਂਡ ਲਿਆ ਹੈ ਤਾਂ ਉਹ 1978 ਵਿੱਚ ਐਸਵਾਈਐਲ ਲਈ ਜ਼ਮੀਨ ਨੂੰ ਨੋਟੀਫਾਈ ਕਰਨ ਦੇ ਬਦਲੇ ਗੁੜਗਾਉਂ ਵਿੱਚ ਮਿਲੀ ਸਾਰੀ ਜਾਇਦਾਦ ਦੇ ਦਸਤਾਵੇਜ਼ਾਂ ਸਮੇਤ ਬਹਿਸ ਲਈ ਪੇਸ਼ ਕਰੇ।

ਭਾਜਪਾ ਪ੍ਰਧਾਨ ਸੁਨੀਲ ਜਾਖੜ ‘ਤੇ ਨਿਸ਼ਾਨਾ ਸਾਧਦੇ ਹੋਏ ਕਂਗ ਨੇ ਕਿਹਾ ਕਿ 2016 ‘ਚ ਕਾਂਗਰਸ ਪ੍ਰਧਾਨ ਜਾਖੜ ਕਹਿੰਦੇ ਸਨ ਕਿ ਜੇਕਰ ਕੇਂਦਰ ਸਰਕਾਰ ਚਾਹੇ ਤਾਂ ਐਸਵਾਈਐਲ ਦਾ ਮੁੱਦਾ ਮਿੰਟਾਂ ‘ਚ ਹੱਲ ਹੋ ਸਕਦਾ ਹੈ। ਹੁਣ ਭਾਜਪਾ ਨੇਤਾ ਹੋਣ ਦੇ ਨਾਤੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਐਸਵਾਈਐਲ, ਬੀਬੀਐਮਬੀ ਅਤੇ ਚੰਡੀਗੜ੍ਹ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਕਿਉਂ ਨਹੀਂ ਕਹਿ ਰਹੇ ਹਨ। ਕੰਗ ਨੇ ਕਿਹਾ ਕਿ ਇਨ੍ਹਾਂ ਸਾਰੇ ਮੁੱਦਿਆਂ ਵਿੱਚ ਕੇਂਦਰ ਦੀ ਅਹਿਮ ਭੂਮਿਕਾ ਹੈ ਪਰ ਇਹ ਸਾਰੀਆਂ ਪਾਰਟੀਆਂ ਆਪਣੇ ਸਿਆਸੀ ਫਾਇਦੇ ਲਈ ਇਨ੍ਹਾਂ ਮੁੱਦਿਆਂ ਦਾ ਨਿਪਟਾਰਾ ਨਹੀਂ ਕਰਨਾ ਚਾਹੁੰਦੀਆਂ।