ਅਬੋਹਰ| ਸ਼੍ਰੋਮਣੀ ਅਕਾਲੀ ਦਲ ਨੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅਬੋਹਰ ਵਿਚ ਧਰਨਾ ਲਾਇਆ ਹੋਇਆ ਹੈ। ਇਸ ਧਰਨੇ ਪ੍ਰਦਰਸ਼ਨ ਵਿਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿਚ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ, ਇਸੇ ਲਈ ਉਹ ਜਿਹੜੇ ਸੂਬੇ ਵਿਚ ਚੋਣਾਂ ਹੁੰਦੀਆਂ ਹਨ, ਉਥੇ ਜਾ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬ ਲਈ ਆਹ ਕਰ ਦਿੱਤਾ।
ਸੁਖਬੀਰ ਨੇ ਕਿਹਾ ਕਿ ਅਸਲ ਵਿਚ ਅਸੀਂ ਸਮਝ ਨਹੀਂ ਰਹੇ ਕਿ ਆਪ ਵਾਲੇ ਸਾਡੇ ਉਤੇ ਕਿੰਨਾ ਵੱਡਾ ਹਮਲਾ ਕਰਨ ਜਾ ਰਹੇ ਹਨ। ਆਪ ਵਾਲੇ ਪੰਜਾਬ ਦੇ ਖਜ਼ਾਨੇ ਵਿਚੋਂ ਸਾਢੇ ਸੱਤ ਸੌ ਕਰੋੜ ਲੈ ਕੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਪ੍ਰਚਾਰ ਕਰ ਰਹੇ ਹਨ।
ਹਰਿਆਣਾ ਵਿਚ ਚੋਣਾਂ ਹੋ ਰਹੀਆਂ ਹਨ, ਇਸ ਲਈ ਆਪ ਇੰਚਾਰਜ ਉਥੇ ਕਹਿ ਰਹੇ ਹਨ ਕਿ ਅਸੀਂ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦੇਵਾਂਗੇ। ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਾਂ ਐਸਵਾਈਐਲ ਦੇ ਹੱਕ ਵਿਚ ਸੁਪਰੀਮ ਕੋਰਟ ਵਿਚ ਐਫੀਡੇਵਿਟ ਵੀ ਦਿੱਤਾ ਹੈ।
ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਇਹੀ ਸਭ ਕੁਝ ਹੁਣ ਰਾਜਸਥਾਨ ਇਲੈਕਸ਼ਨ ਵਿਚ ਹੋ ਰਿਹਾ। ਆਪ ਵਾਲੇ ਪੰਜਾਬ ਦੇ ਪਾਣੀਆਂ ਨਾਲ ਸੌਦਾ ਕਰ ਰਹੇ ਹਨ। ਆਪ ਪਾਰਟੀ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਕੇ ਉਥੇ ਹੋ ਰਹੀਾੰ ਚੋਣਾਂ ਜਿੱਤਣਾ ਚਾਹੁੰਦੀ ਹੈ। ਬਾਦਲ ਨੇ ਕਿਹਾ ਕਿ ਸਾਨੂੰ ਇਨ੍ਹਾਂ ਦੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ।