ਫਰੀਦਕੋਟ ਵਿਖੇ ਪੈਟਰੋਲ ਭਰਵਾਉਣ ਗਏ ਨੌਜਵਾਨ ਨੂੰ ਮਾਰੀ ਗੋਲ਼ੀ, ਪੈਟਰੋਲ ਪੰਪ ਦੇ ਮਾਲਕ ‘ਤੇ ਲੱਗੇ ਗੰਭੀਰ ਦੋਸ਼

0
1927

ਫਰੀਦਕੋਟ, 3 ਜਨਵਰੀ| ਫਰੀਦਕੋਟ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਦੌਰਾਨ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਦੇ ਡਰ ਕਾਰਨ ਪੈਟਰੋਲ ਭਰਵਾਉਣ ਗਏ ਇੱਕ ਨੌਜਵਾਨ ਨੂੰ ਪੈਟਰੋਲ ਪੰਪ ‘ਤੇ ਗੋਲੀ ਮਾਰ ਦਿੱਤੀ ਗਈ। ਉਕਤ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਪੀੜਤ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।

ਬਲਜੀਤ ਸਿੰਘ ਵਾਸੀ ਕੰਨਿਆਂਵਾਲੀ ਨੇ ਦੱਸਿਆ ਕਿ ਉਸ ਦਾ ਮੁੰਡਾ ਅਤੇ ਉਸ ਦੇ ਦੋ ਦੋਸਤ ਪਿੰਡ ਔਲਖ ਸਥਿਤ ਕਿਸਾਨ ਸੇਵਾ ਕੇਂਦਰ ਦੇ ਪੈਟਰੋਲ ਪੰਪ ‘ਤੇ ਬਾਈਕ ‘ਚ ਪੈਟਰੋਲ ਭਰਵਾਉਣ ਗਏ ਸਨ। ਜਿੱਥੇ ਕਥਿਤ ਤੌਰ ‘ਤੇ ਪੈਟਰੋਲ ਅਤੇ ਡੀਜ਼ਲ ਦੇ ਵੱਧ ਰੇਟ ਪੈਟਰੋਲ ਮੁਲਾਜ਼ਮਾਂ ਵੱਲੋਂ ਵਸੂਲੇ ਜਾ ਰਹੇ ਸਨ। ਜਿਸ ਨੂੰ ਉਸਦੇ ਲੜਕੇ ਅਤੇ ਉਸਦੇ ਦੋਸਤਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਵਿਵਾਦ ਵਧਣ ‘ਤੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਉਸ ਦੇ ਪੁੱਤਰ ਅਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਕੀਤੀ।

ਘਟਨਾ ਦੌਰਾਨ ਪੈਟਰੋਲ (petrol) ਪੰਪ ਦਾ ਮਾਲਕ ਬਿੰਦੂ ਵੀ ਮੌਕੇ ‘ਤੇ ਪਹੁੰਚ ਗਿਆ। ਦੋਸ਼ ਹੈ ਕਿ ਉਸ ਨੇ ਪਿਸਤੌਲ ਨਾਲ ਗੋਲੀ ਚਲਾਈ। ਇੱਕ ਗੋਲੀ ਮਹਿੰਦਰ ਦੀ ਲੱਤ ਵਿੱਚ ਲੱਗੀ। ਜਿਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਵੀ ਮੈਡੀਕਲ ਕਾਲਜ ਪਹੁੰਚੀ ਅਤੇ ਪੀੜਤ ਦੇ ਬਿਆਨ ਦਰਜ ਕੀਤੇ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਮਲੇ ‘ਚ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।