ਫ਼ਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸੇਤੀਆ ਵਾਲਾ ਤੋਂ ਫਿਰੋਜ਼ਪੁਰ ਛਾਉਣੀ ਵੱਲ ਪੈਦਲ ਜਾ ਰਹੇ 25 ਸਾਲ ਦੇ ਨੌਜਵਾਨ ਨੂੰ ਸਕਾਰਪੀਓ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਮਲਜੀਤ ਸਿੰਘ ਵਾਸੀ ਗੋਬਿੰਦ ਐਨਕਲੇਵ ਸੇਤੀਆ ਵਾਲਾ ਨੇ ਦੱਸਿਆ ਕਿ ਉਸ ਦਾ 25 ਸਾਲਾ ਭਰਾ ਕੁਲਵਿੰਦਰ ਸਿੰਘ ਪੈਦਲ ਆਪਣੇ ਕੰਮ ਤੋਂ ਫਿਰੋਜ਼ਪੁਰ ਛਾਉਣੀ ਜਾ ਰਿਹਾ ਸੀ। ਉਹ ਹਰਿਆਲੀ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਮਨਜੀਤ ਸਿੰਘ ਵਾਸੀ ਵਜੀਦਪੁਰ ਨੇ ਸਕਾਰਪੀਓ ਗੱਡੀ ਨਾਲ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੁਲਗੜ੍ਹੀ ਦੀ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਏ.ਐਸ.ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।