ਮਾਹਿਲਪੁਰ | ਪਿੰਡ ਬਾੜੀਆਂ ਕਲਾਂ ਦੇ ਪੰਜ ਸਾਲ ਪਹਿਲਾਂ ਦੁਬਈ ਗਏ ਨੌਜਵਾਨ ਨੇ 26 ਨਵੰਬਰ ਨੂੰ ਦੁਬਈ ‘ਚ ਹੀ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਪਿਛਲੇ ਇਕ ਸਾਲ ਤੋਂ ਜਲੰਧਰ ਦਾ ਇਕ ਨੌਜਵਾਨ ਹੀ ਉਸ ਨੂੰ ਕਥਿਤ ਤੌਰ ’ਤੇ ਤੰਗ ਪਰੇਸ਼ਾਨ ਕਰ ਰਿਹਾ ਸੀ। ਹਫ਼ਤਾ ਕੁ ਪਹਿਲਾਂ ਮ੍ਰਿਤਕ ਨੇ ਵੀਡੀਓ ਬਣਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਸੀ ਜਿਨ੍ਹਾਂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਪੀੜਤ ਪਰਿਵਾਰ ਨੇ ਮੁੱਖ਼ ਮੰਤਰੀ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪੱਤਰ ਲਿਖ਼ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਦੁਬਈ ਤੋਂ ਮੰਗਵਾਈ ਜਾਵੇ ਤਾਂ ਜੋ ਆਪਣੇ ਹੱਥੀਂ ਸਸਕਾਰ ਕਰ ਸਕਣ ਅਤੇ ਜਲੰਧਰ ਨਾਲ ਸਬੰਧਿਤ ਕਥਿਤ ਮੁਲਜ਼ਮ ਵਿਰੁੱਧ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਸਮਝਾਇਆ ਸੀ ਕਿ ਸਭ ਕੁਝ ਛੱਡ ਕੇ ਆ ਜਾਵੇ ਪਰ 26 ਨਵੰਬਰ ਨੂੰ ਉਸ ਨੇ ਦੁਬਈ ਵਿਚਲੇ ਆਪਣੇ ਕਮਰੇ ਵਿਚ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। 27 ਤਰੀਕ ਨੂੰ ਉਨ੍ਹਾਂ ਨੂੰ ਦੁਬਈ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਨੇ ਫਾਹਾ ਲੈ ਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਇਕ ਸਾਲ ਤੋਂ ਜਲੰਧਰ ਨਾਲ ਸਬੰਧਿਤ ਨੌਜਵਾਨ ਨੇ ਉਨ੍ਹਾਂ ਦੇ ਪੁੱਤਰ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ਼ੀ ਹੋਈ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਮੁੱਖ਼ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪੱਤਰ ਲਿਖ਼ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦੁਬਈ ਤੋਂ ਮੰਗਵਾਈ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਉਸ ਦਾ ਸਸਕਾਰ ਕਰ ਸਕਣ। ਇਸ ਸਬੰਧੀ ਚੰਚਲ ਵਰਮਾ ਨੇ ਦੱਸਿਆ ਕਿ ਉਸ ਨੇ ਮ੍ਰਿਤਕ ਦੇ ਸਾਰੇ ਕਾਗਜ਼ਾਤ ਲੈ ਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਭੇਜ ਦਿੱਤੇ ਹਨ। ਲੜਕੇ ਦੀ ਮ੍ਰਿਤਕ ਦੇਹ ਜਲਦ ਹੀ ਵਾਪਿਸ ਆ ਜਾਵੇਗੀ।
ਮ੍ਰਿਤਕ ਦੇ ਪਿਤਾ ਪਰਮਜੀਤ ਕੁਮਾਰ ਪੁੱਤਰ ਤੀਰਥ ਰਾਮ ਵਾਸੀ ਬਾੜੀਆਂ ਕਲਾਂ ਨੇ ਆਪਣੇ ਪੁੱਤਰ ਦੇ ਸਾਰੇ ਕਾਗਜ਼ਾਤ ਸਿਟੀ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਚੰਚਲ ਵਰਮਾ ਅਤੇ ਭਾਜਪਾ ਨੇਤਾ ਡਾ. ਦਿਲਬਾਗ ਰਾਏ ਨੂੰ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਵੀ ਕੁਮਾਰ ਨੂੰ 2017 ਵਿਚ ਕਰਜ਼ਾ ਚੁੱਕ ਦੇ ਦੁਬਈ ਭੇਜਿਆ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਇਮਾਰਤ ਵਿਚ ਰਹਿੰਦੇ ਜਲੰਧਰ ਦੇ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਉਹ ਇਕ ਲੜਕੀ ਨੂੰ ਪਿਆਰ ਕਰਦਾ ਸੀ ਤੇ ਕਥਿਤ ਮੁਲਜ਼ਮ ਨੇ ਉਸ ਦਾ ਫ਼ੋਨ ਖ਼ੋਹ ਕੇ ਗਲਤ ਤਰ੍ਹਾਂ ਦੇ ਮੈਸੇਜ ਭੇਜ ਕੇ ਪਹਿਲਾਂ ਉਨ੍ਹਾਂ ਵਿਚ ਲੜਾਈ ਪੁਆ ਦਿੱਤੀ ਅਤੇ ਬਾਅਦ ਵਿਚ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।