ਗੁਰਦਾਸਪੁਰ, 19 ਦਸੰਬਰ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੇ ਆਕਲੈਂਡ ‘ਚ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ 25 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਉਕਤ ਨੌਜਵਾਨ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ, ਜੋ ਕਿ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਮੌਤ ਦੀ ਖਬਰ ਮਿਲਦਿਆਂ ਹੀ ਜਿਥੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਉਥੇ ਹੀ ਪੂਰੇ ਪਿੰਡ ਕੋਟਲੀ ਸ਼ਾਹਪੁਰ ਵਿਚ ਵੀ ਸੋਗ ਪਸਰ ਪਿਆ। ਮ੍ਰਿਤਕ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਰਮਨਦੀਪ ਸਿੰਘ 12ਵੀਂ ਜਮਾਤ ਪਾਸ ਕਰਕੇ ਸਾਲ 2018 ਵਿਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉਥੇ ਇਕ ਕੰਪਨੀ ਵਿਚ ਬਤੌਰ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ।
ਦੇਰ ਰਾਤ ਉਸ ਦੇ ਇਕ ਦੋਸਤ ਨੂੰ ਫ਼ੋਨ ‘ਤੇ ਖਬਰ ਮਿਲੀ ਸੀ ਕਿ ਰਮਨਦੀਪ ਸਿੰਘ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ ਹੈ ਅਤੇ ਪਤਾ ਲੱਗਾ ਹੈ ਕਿ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਦੇ ਪਿਤਾ ਧੰਨਾ ਸਿੰਘ ਫੌਜ ਤੋਂ ਫਾਰਗ ਹੋਣ ਤੋਂ ਬਾਅਦ ਵੀ ਡੀ.ਐਸ.ਸੀ. ਵਿਚ ਡਿਊਟੀ ਨਿਭਾਅ ਰਹੇ ਹਨ ਅਤੇ ਘਰ ਵਿਚ ਉਸ ਦੀ ਮਾਂ ਤੇ ਛੋਟੀ ਭੈਣ ਹੈ।