ਖੰਨਾ, 13 ਨਵੰਬਰ | ਇਥੋਂ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ। ਖੰਨਾ ‘ਚ ਦੀਵਾਲੀ ਦੀ ਰਾਤ ਨੂੰ ਇਕ ਘਰ ਦਾ ਚਿਰਾਗ ਬੁੱਝ ਗਿਆ। ਨਸ਼ੇ ਦੇ ਆਦੀ ਨੌਜਵਾਨ ਨੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਹਰਿੰਦਰ ਸਿੰਘ (25) ਵਾਸੀ ਮੰਡਿਆਲਾ ਵਜੋਂ ਹੋਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।
ਆਪਣੇ ਛੋਟੇ ਭਰਾ ਹਰਿੰਦਰ ਦੀ ਲਾਸ਼ ਨੂੰ ਸਿਵਲ ਹਸਪਤਾਲ ਲੈ ਕੇ ਆਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਿੰਦਰ ਕਰੀਬ 8 ਸਾਲਾਂ ਤੋਂ ਚਿੱਟੇ ਦਾ ਆਦੀ ਸੀ। ਸ਼ਰਾਬ ਪੀ ਕੇ ਘਰ ‘ਚ ਲੜਾਈ ਝਗੜਾ ਕਰਦਾ ਸੀ। ਦੀਵਾਲੀ ਵਾਲੇ ਦਿਨ ਵੀ ਉਹ ਸਵੇਰ ਤੋਂ ਹੀ ਲੜ ਰਿਹਾ ਸੀ। ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਦੀਵਾਲੀ ਮਨਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਹਰਿੰਦਰ ਨੇ ਘਰ ਵਿਚ ਜਾਨ ਦੇ ਦਿੱਤੀ।
ਪੁਲਿਸ ਚੌਕੀ ਕੋਟ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ।