ਅਨੋਖਾ ਮਾਮਲਾ ! ਸਰਪੰਚੀ ਲਈ ਭਾਜਪਾ ਆਗੂ ਨੇ ਦਿੱਤੀ 2 ਕਰੋੜ ਦੀ ਬੋਲੀ, ਪੂਰੇ ਪੰਜਾਬ ‘ਚ ਬਣਾਤਾ ਰਿਕਾਰਡ

0
591

ਅੰਮ੍ਰਿਤਸਰ, 30 ਸਤੰਬਰ | ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਸਰਪੰਚ ਦੇ ਅਹੁਦੇ ਲਈ ਬੋਲੀ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਲੜੀ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਮੀਦ ਹੈ ਕਿ ਅੱਜ ਇਹ ਬੋਲੀ ਵੱਧ ਜਾਵੇਗੀ। ਇਹ ਬੋਲੀ ਦੇਣ ਵਾਲੇ ਭਾਜਪਾ ਆਗੂ ਆਤਮਾ ਸਿੰਘ ਦਾ ਕਹਿਣਾ ਹੈ ਕਿ ਇਸ ਬੋਲੀ ਦੇ ਵੱਧ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬੋਲੀ ਵਿਚ ਜੋ ਵੀ ਪੈਸਾ ਆਵੇਗਾ, ਉਸ ਨੂੰ ਕਿੱਥੇ ਖਰਚ ਕੀਤਾ ਜਾਵੇਗਾ, ਇਸ ਦਾ ਫੈਸਲਾ ਪਿੰਡ ਦੀ ਨੌਜਵਾਨ ਸਭਾ ਕਰੇਗੀ। ਜਦੋਂ ਕਿ ਪਿੰਡ ਦੀ ਪੰਚਾਇਤ ਨੂੰ ਮਿਲਣ ਵਾਲੀ ਗਰਾਂਟ ਵੱਖਰੀ ਹੋਵੇਗੀ।

ਡੇਰਾ ਬਾਬਾ ਨਾਨਕ ਦਾ ਪਿੰਡ ਹਰਦੋਵਾਲ ਕਲਾਂ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਹੈ, ਜਿਸ ਵਿਚ ਇੰਨੀ ਉੱਚੀ ਬੋਲੀ ਲੱਗੀ ਹੈ। ਇਹ ਆਪਣੇ ਆਪ ਵਿਚ ਇੱਕ ਰਿਕਾਰਡ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਤਿੰਨ ਧਿਰਾਂ ਇਸ ਲਈ ਬੋਲੀ ਲਗਾ ਰਹੀਆਂ ਹਨ, ਜੋ ਵੀ ਉਕਤ ਬੋਲੀ ਦੇਵੇਗਾ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਵੇਗਾ। ਬੋਲੀ ਲਗਾਉਣ ਵਾਲਿਆਂ ਵਿਚ ਆਤਮਾ ਸਿੰਘ, ਜਸਵਿੰਦਰ ਸਿੰਘ ਬੇਦੀ, ਨਿਰਭੈਰ ਸਿੰਘ ਸ਼ਾਮਲ ਹਨ।

ਬੋਲੀ ਲਗਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ। ਇਸ ਤੋਂ ਬਾਅਦ ਇਹ ਸਿਲਸਿਲਾ ਜਾਰੀ ਰਿਹਾ। ਪਤਾ ਲੱਗਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਆਮ ਆਦਮੀ ਪਾਰਟੀ, ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਬੋਲੀ ਲਈ ਅੱਗੇ ਨਹੀਂ ਆਇਆ।

ਅੰਤ ਵਿਚ ਤਿੰਨ ਦਾਅਵੇਦਾਰਾਂ ਵਿੱਚੋਂ ਆਤਮਾ ਸਿੰਘ ਨੇ ਸਭ ਤੋਂ ਵੱਧ ਬੋਲੀ ਲਗਾਈ। ਬੋਲੀ 50 ਲੱਖ ਰੁਪਏ ਤੋਂ ਸ਼ੁਰੂ ਹੋਈ। ਉਸ ਦੇ ਮੁਕਾਬਲੇ ਵਿਚ ਜਸਵਿੰਦਰ ਸਿੰਘ ਨੇ 1 ਕਰੋੜ ਰੁਪਏ ਦੀ ਬੋਲੀ ਲਗਾਈ, ਜਿਸ ਤੋਂ ਬਾਅਦ ਆਤਮਾ ਸਿੰਘ ਨੇ 2 ਕਰੋੜ ਰੁਪਏ ਦੀ ਬੋਲੀ ਲਗਾਈ।

ਆਤਮਾ ਸਿੰਘ ਨੇ ਕਿਹਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਉਸ ਦੇ ਪਿਤਾ ਵੀ ਸਰਪੰਚ ਰਹਿ ਚੁੱਕੇ ਹਨ। ਜਿਨ੍ਹਾਂ ਨੇ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਸਨ। ਇਸ ਦੇ ਨਾਲ ਹੀ ਬੋਲੀ ਲਗਾਉਣ ਲਈ ਇਹ ਸ਼ਰਤ ਰੱਖੀ ਗਈ ਹੈ ਕਿ ਬੋਲੀਕਾਰ ਚੈੱਕ ਬੁੱਕ ਲੈ ਕੇ ਆਵੇਗਾ। ਉਹ ਚੈੱਕ ਬੁੱਕ ਸਭਾ ਕੋਲ ਜਮ੍ਹਾ ਕਰਵਾਉਣੀ ਪਵੇਗੀ। ਭੁਗਤਾਨ ਕਿਸੇ ਹੋਰ ਤਰੀਕੇ ਰਾਹੀਂ ਕੀਤਾ ਜਾਵੇਗਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)