ਬਰਨਾਲਾ, 22 ਅਕਤੂਬਰ | ਜ਼ਿਲੇ ਦੇ ਪਿੰਡ ਭਗਤਪੁਰਾ ਮੌੜ ‘ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਸੱਸ ਅਤੇ ਨੂੰਹ ਦੀ ਲੜਾਈ ਵਾਟਰ ਵਰਕਸ ਦੀ ਟੈਂਕੀ ‘ਤੇ ਪਹੁੰਚ ਗਈ। ਨੂੰਹ ਸੰਦੀਪ ਕੌਰ ਨੇ ਘਰ ਵਿਚ ਲੜਾਈ ਝਗੜਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ, ਜਿਸ ’ਤੇ ਅੱਜ ਸ਼ਹਿਣਾ ਪੁਲਿਸ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ, ਜਿਸ ਦੇ ਵਿਰੋਧ ‘ਚ ਸਹੁਰਾ ਪਰਿਵਾਰ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਦੂਜੇ ਪਾਸੇ ਨੂੰਹ ਵੀ ਅਨਾਜ ਮੰਡੀ ਦੇ ਟਾਵਰ ‘ਤੇ ਚੜ੍ਹ ਗਈ।
ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਸੱਸ ਬਬਲੀ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਪਹਿਲਾਂ ਉਸ ਦੀ ਨੂੰਹ ਸੰਦੀਪ ਕੌਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਲਟਾ ਪੁਲਿਸ ਸਾਡੇ ਲੋਕਾਂ ਨੂੰ ਚੁੱਕ ਕੇ ਲੈ ਗਈ। ਸਿਆਸੀ ਬਦਲਾਖੋਰੀ ਕਾਰਨ ਸਾਨੂੰ ਇਸ ਕੇਸ ਨਾਲ ਜੋੜਿਆ ਗਿਆ ਅਤੇ ਸਾਨੂੰ ਥਾਣੇ ਭੇਜ ਕੇ ਜ਼ਲੀਲ ਕੀਤਾ ਗਿਆ। ਇਸ ਦੇ ਵਿਰੋਧ ਵਿਚ ਅਸੀਂ 35-40 ਮੀਟਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਾਂ। ਅਸੀਂ ਉਦੋਂ ਤੱਕ ਥੱਲੇ ਨਹੀਂ ਉਤਰਾਂਗੇ, ਜਦੋਂ ਤੱਕ ਸਾਡੇ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤੇ ਇਨਸਾਫ ਨਹੀਂ ਮਿਲਦਾ।
ਦੂਜੇ ਪਾਸੇ ਨੂੰਹ ਸੰਦੀਪ ਕੌਰ ਵੀ ਅਨਾਜ ਮੰਡੀ ਵਿੱਚ ਟਾਵਰ ’ਤੇ ਚੜ੍ਹ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਦੇ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਾਨੂੰ ਵੀ ਕੁੱਟਿਆ ਗਿਆ ਹੈ ਅਤੇ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਥੱਲੇ ਨਹੀਂ ਉਤਰਾਂਗੇ।
ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਅਤੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਐਸਐਚਓ ਸ਼ਹਿਣਾ ਨੇ ਦੱਸਿਆ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਸ਼ਾਮ ਤੱਕ ਥਾਣੇ ਵਿਚ ਮਾਮਲਾ ਹੱਲ ਕਰ ਲਿਆ ਜਾਵੇਗਾ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)