ਅਬੋਹਰ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਅਬੋਹਰ ਦੇ ਕਿੱਲਿਆਂਵਾਲੀ ਬਾਈਪਾਸ ਚੌਕ ‘ਤੇ ਅੱਜ ਸਵੇਰੇ ਲੱਕੜਾਂ ਨਾਲ ਭਰੇ ਇਕ ਕੈਂਟਰ ‘ਤੇ ਦਰੱਖਤ ਡਿੱਗ ਗਿਆ, ਜਿਸ ਨਾਲ ਡਰਾਈਵਰ ਬੁਰੀ ਤਰ੍ਹਾਂ ਅੰਦਰ ਫਸ ਗਿਆ ਅਤੇ ਜ਼ਖ਼ਮੀ ਹੋ ਗਿਆ। ਕਿਸੇ ਤਰ੍ਹਾਂ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ।
ਜਾਣਕਾਰੀ ਅਨੁਸਾਰ ਹੈਰੀ ਪੁੱਤਰ ਅਵਤਾਰ ਸਿੰਘ ਵਾਸੀ ਪਦਮਪੁਰ ਸ੍ਰੀਗੰਗਾਨਗਰ ਅੱਜ ਆਪਣੇ ਕੈਂਟਰ ਵਿਚ ਲੱਕੜਾਂ ਲੱਦ ਕੇ ਲੁਧਿਆਣਾ ਜਾ ਰਿਹਾ ਸੀ। ਜਦੋਂ ਉਹ ਕਿੱਲਿਆਂਵਾਲੀ ਬਾਈਪਾਸ ਕੋਲ ਪਹੁੰਚਿਆ ਤਾਂ ਸੜਕ ਕਿਨਾਰੇ ਲੱਗੇ ਦਰੱਖਤ ਦੀ ਟਾਹਣੀ ਕੈਂਟਰ ਉਪਰ ਆ ਡਿੱਗੀ।
ਇਸ ਕਾਰਨ ਦਰੱਖਤ ਦਾ ਕੁਝ ਹਿੱਸਾ ਕੈਂਟਰ ‘ਤੇ ਡਿੱਗ ਗਿਆ, ਜਿਸ ਕਰਕੇ ਕੈਂਟਰ ‘ਚ ਸਵਾਰ ਹੈਰੀ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਲੱਗੀਆਂ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਖ਼ਰਾਬ ਹੋਏ ਕੈਂਟਰ ਨੂੰ ਸਾਈਡ ’ਤੇ ਕਰਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।