ਜਲੰਧਰ ਦੇ ਭੀੜੇ ਬਾਜ਼ਾਰ ਨੇੜਲੇ ਇਲਾਕੇ ‘ਚ ਘਰ ਨੂੰ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

0
283

 ਜਲੰਧਰ, 5 ਨਵੰਬਰ | ਵਿਅਸਤ ਬਾਜ਼ਾਰ ਸੈਦਾ ਗੇਟ ਦੇ ਖੋਦਿਆਂ ਇਲਾਕੇ ‘ਚ ਇਕ ਘਰ ‘ਚ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਵਿਚ ਪੀੜਤਾ ਦਾ ਪੂਰਾ ਘਰ ਸੜ ਗਿਆ। ਜਦੋਂ ਘਰ ਨੂੰ ਅੱਗ ਲੱਗੀ ਤਾਂ ਉਸ ਸਮੇਂ ਅੰਦਰ ਇੱਕ 20 ਸਾਲਾ ਲੜਕੀ ਮੌਜੂਦ ਸੀ, ਜਿਸ ਨੂੰ ਇਲਾਕਾ ਨਿਵਾਸੀਆਂ ਨੇ ਬਾਹਰ ਕੱਢਿਆ। ਫਿਲਹਾਲ ਅੱਗ ਲੱਗਣ ਦਾ ਕਾਰਨ ਮੰਦਰ ‘ਚ ਬਾਲੀ ਜੋਤ ਦੱਸਿਆ ਜਾ ਰਿਹਾ ਹੈ। ਪਹਿਲਾਂ ਮੰਦਰ ‘ਚ ਅੱਗ ਲੱਗੀ, ਫਿਰ ਕੁਝ ਹੀ ਸਮੇਂ ‘ਚ ਅੱਗ ਪੂਰੇ ਘਰ ‘ਚ ਫੈਲ ਗਈ। ਘਟਨਾ ਵਿਚ ਘਰ ਦੇ ਅੰਦਰ ਸੌਂ ਰਹੇ ਕੁੱਤੇ ਦੀ ਸੜਨ ਕਾਰਨ ਮੌਤ ਹੋ ਗਈ।

ਜਲੰਧਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬਾਜ਼ਾਰ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਅੰਦਰ ਨਹੀਂ ਆ ਸਕੀ, ਜਿਸ ਕਾਰਨ ਘਰ ਤੋਂ ਕਰੀਬ 150 ਮੀਟਰ ਦੀ ਦੂਰੀ ‘ਤੇ ਗੱਡੀਆਂ ਖੜ੍ਹੀਆਂ ਕਰ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਦੁਪਹਿਰ 12.30 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਕੁੱਲ 4 ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਸਨ।

ਜਾਣਕਾਰੀ ਮੁਤਾਬਕ ਖੋਦਿਆਂ ਇਲਾਕੇ ਤੋਂ ਬਾਹਰ ਨਿਕਲਦੇ ਹੀ ਬਾਜ਼ਾਰ ‘ਚ ਪੀੜਤਾ ਬੁਟੀਕ ਚਲਾਉਂਦੀ ਸੀ। ਰੋਜ਼ ਦੀ ਤਰ੍ਹਾਂ ਉਹ ਆਪਣੇ ਬੁਟੀਕ ‘ਤੇ ਗਈ ਹੋਈ ਸੀ। ਉਸ ਦੀ ਧੀ ਘਰ ਵਿਚ ਸੁੱਤੀ ਪਈ ਸੀ। 11 ਵਜੇ ਅਚਾਨਕ ਘਰ ਦੇ ਅੰਦਰੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਤੁਰੰਤ ਘਰ ਦੇ ਅੰਦਰ ਮੌਜੂਦ ਲੜਕੀ ਨੂੰ ਬਾਹਰ ਕੱਢਿਆ ਅਤੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ ਗਈ।

ਫਾਇਰ ਬ੍ਰਿਗੇਡ ਅਧਿਕਾਰੀ ਅਵਨੀਤ ਸੋਂਧੀ ਨੇ ਦੱਸਿਆ ਕਿ ਸਾਨੂੰ ਸਵੇਰੇ 11 ਵਜੇ ਉਕਤ ਸਥਾਨ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸਾਰਾ ਘਰ ਬੁਰੀ ਤਰ੍ਹਾਂ ਸੜ ਗਿਆ। ਪਰਿਵਾਰ ਮੁਤਾਬਕ ਅੱਗ ਲੱਗਣ ਦਾ ਕਾਰਨ ਜੋਤ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)