ਗੁਰਦਾਸਪੁਰ, 13 ਫਰਵਰੀ | ਬੁੱਧਵਾਰ ਨੂੰ ਛੁੱਟੀ ‘ਤੇ ਗਏ ਫੌਜੀ (ਸਿਪਾਹੀ) ਨੇ ਸਰਪੰਚ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਕਲਾਨੌਰ ਦੇ ਪਿੰਡ ਸਹੂਰ ਖੁਰਦ ਦੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ 35 ਸਾਲਾ ਨਿਰਮਲ ਸਿੰਘ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਫਰੀਦਕੋਟ ਵਿਚ ਤਾਇਨਾਤ ਹੈ।
ਲਵਪ੍ਰੀਤ ਕੁਝ ਦਿਨ ਪਹਿਲਾਂ ਛੁੱਟੀ ‘ਤੇ ਆਪਣੇ ਪਿੰਡ ਆਇਆ ਸੀ। ਘਟਨਾ ਤੋਂ ਬਾਅਦ ਮੁਲਜ਼ਮ ਲਵਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਭਾਲ ਕਰ ਰਹੀ ਹੈ। ਇਹ ਘਟਨਾ ਪਿੰਡ ਵਿਚ ਪੰਚਾਇਤੀ ਗਲੀ ਨੂੰ ਲੈ ਕੇ ਚੱਲ ਰਹੇ ਪੁਰਾਣੇ ਝਗੜੇ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਸਹੌਰ ਖੁਰਦ ਵਿਚ ਪੰਚਾਇਤੀ ਗਲੀ ਦਾ ਨਿਰਮਾਣ ਕਰਵਾ ਰਿਹਾ ਸੀ ਅਤੇ ਸੋਮਵਾਰ ਨੂੰ ਜਦੋਂ ਉਸ ਨੇ ਗਲੀ ਦੀ ਉਸਾਰੀ ਤੋਂ ਰੋਕਿਆ ਤਾਂ ਉਸ ਦੇ ਸਾਥੀ ਗੁਰਵੰਤ ਸਿੰਘ ’ਤੇ ਦੂਜੀ ਧਿਰ ਵੱਲੋਂ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਸ ਦਿਨ ਵੀ ਉਸ ਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਸ ਦਾ ਛੋਟਾ ਭਰਾ ਨਿਰਮਲ ਸਿੰਘ ਸਕੂਟਰ ’ਤੇ ਆਪਣੇ ਨਿੱਜੀ ਕੰਮ ਲਈ ਕਲਾਨੌਰ ਜਾ ਰਿਹਾ ਸੀ ਤਾਂ ਕਲਾਨੌਰ ਦੇ ਬਾਹਰ ਚੱਕ ਰੋਡ ’ਤੇ ਉਸ ਦੇ ਭਰਾ ਨੂੰ ਫੌਜੀ ਲਵਪ੍ਰੀਤ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨੇ ਗੋਲੀ ਮਾਰ ਦਿੱਤੀ, ਜੋ ਭਰਾ ਨਿਰਮਲ ਸਿੰਘ ਦੇ ਮੋਢੇ ਅਤੇ ਛਾਤੀ ’ਤੇ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਦੱਸ ਦੇਈਏ ਕਿ ਨਿਰਮਲ ਸਿੰਘ ਦਾ ਇੱਕ ਪੰਜ ਸਾਲ ਦਾ ਬੱਚਾ ਸਹਿਪ੍ਰੀਤ ਸਿੰਘ ਵੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲਿਆਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਵੀ ਮਾਰ ਦਿੱਤਾ ਜਾਵੇਗਾ।
ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਐੱਸਪੀਡੀ ਯੁਗਰਾਜ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।