ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ, ਮੋਹਾਲੀ ਦਾ ਰਹਿਣ ਵਾਲਾ ਸੀ ਕਰਨਲ ਮਨਪ੍ਰੀਤ ਸਿੰਘ

0
1065

ਐਸ.ਏ.ਐਸ.ਨਗਰ, 14 ਸਤੰਬਰ| ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਇਲਾਕੇ ’ਚ ਅੱਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਜ਼ਿਲ੍ਹਾ ਮੋਹਾਲੀ ਦੇ ਪਿੰਡ ਭੜੌਜੀਆਂ, ਨਿਊ ਚੰਡੀਗੜ੍ਹ ਦੇ ਜੰਮਪਲ ਸਨ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਜਨਮ 1980 ’ਚ ਹੋਇਆ ਸੀ ਅਤੇ ਉਹ ਫੌਜ ’ਚ ਭਰਤੀ ਹੋਣ ਤੋਂ ਬਾਅਦ ਜ਼ਿਆਦਾਤਰ ਹੋਰਨਾਂ ਸੂਬਿਆਂ ’ਚ ਤੈਨਾਤ ਰਹੇ।

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਵਿਆਹ ਕਰਵਾਉਣ ਤੋਂ ਬਾਅਦ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਸੈਕਟਰ-26 ’ਚ ਰਹਿਣ ਲੱਗ ਪਏ, ਕਿਉਂਕਿ ਉਨ੍ਹਾਂ ਦੀ ਪਤਨੀ ਹਰਿਆਣਾ ਸਰਕਾਰ ਵਿਚ ਅਧਿਆਪਕਾ ਦੇ ਤੌਰ ’ਤੇ ਨੌਕਰੀ ਕਰ ਰਹੀ ਹੈ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ 7 ਸਾਲ ਦਾ ਇਕ ਲੜਕਾ ਅਤੇ ਡੇਢ ਸਾਲ ਦੀ ਬੱਚੀ ਹੈ।

ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਪਿਤਾ ਲਖਵੀਰ ਸਿੰਘ ਵੀ ਫੌਜ ’ਚੋਂ ਰਿਟਾਇਰ ਸਨ ਅਤੇ ਉਨਾਂ ਦੀ ਮੌਤ ਹੋ ਚੁੱਕੀ ਹੈ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਮਾਤਾ ਮਨਜੀਤ ਕੌਰ ਜਿਨ੍ਹਾਂ ਦੀ ਉਮਰ ਕਰੀਬ 65 ਸਾਲ ਦੱਸੀ ਜਾ ਰਹੀ ਹੈ, ਆਪਣੇ ਦੂਜੇ ਲੜਕੇ ਸੰਦੀਪ ਸਿੰਘ ਅਤੇ ਬਾਕੀ ਪਰਿਵਾਰ ਦੇ ਨਾਲ ਪਿੰਡ ਭੜੌਜੀਆਂ ਵਿਚ ਹੀ ਰਹਿ ਰਹੀ ਹੈ।

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਭਰਾਤਾ ਸੰਦੀਪ ਸਿੰਘ ਇਸ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨੌਕਰੀ ਕਰ ਰਹੇ ਹਨ। ਉਧਰ ਜਿਵੇਂ ਹੀ ਕਰਨਲ ਮਨਪ੍ਰੀਤ ਸਿੰਘ ਦੇ ਸਹੀਦ ਹੋਣ ਦੀ ਖਬਰ ਪਿੰਡ ਪੁੱਜੀ ਤਾਂ ਪਿੰਡ ਵਾਸੀ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਸੰਦੀਪ ਸਿੰਘ ਕੋਲ ਪਹੁੰਚੇ। ਇਲਾਕੇ ਦੇ ਸਮਾਜ ਸੇਵੀ ਦਵਿੰਦਰ ਸਿੰਘ ਬਾਵਜਾ ਵਲੋਂ ਵੀ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ’ਤੇ ਦੁੱਖ ਪ੍ਰਗਟ ਕੀਤਾ ਗਿਆ।