ਅੰਮ੍ਰਿਤਸਰ/ਤਰਨਤਾਰਨ, 17 ਦਸੰਬਰ| ਆਪਣੇ ਲੰਬੇ ਕੱਦ ਕਾਰਨ ਦੇਸ਼ ਹੀ ਨਹੀਂ ਵਿਦੇਸ਼ ‘ਚ ਵੀ ਚਰਚਾ ਦਾ ਵਿਸ਼ਾ ਬਣਿਆ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੈਰੋਇਨ ਸਮੱਗਲਿੰਗ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਦੀ ਹਿਰਾਸਤ ‘ਚ ਹੈ। 7.6 ਫੁੱਟ ਲੰਬੇ ਜਗਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਕੋਈ ਹੈਰਾਨ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਇੱਕ ਹੋਰ ਸੱਚਾਈ ਸਾਹਮਣੇ ਆਈ ਹੈ।
ਸੂਤਰਾਂ ਅਨੁਸਾਰ ਜਗਦੀਪ ਸਿੰਘ ਦੀ ਪਤਨੀ ਵੀ ਉਸੇ ਨਸ਼ੇ ਦੀ ਆਦੀ ਹੋ ਗਈ, ਜਿਸ ਨੂੰ ਵੇਚਣ ਦਾ ਜੁਰਮ ਉਹ ਕਰਦਾ ਰਿਹਾ ਸੀ। ਜਗਦੀਪ ਦੀ ਪਤਨੀ ਇਸ ਵੇਲੇ ਅੰਮ੍ਰਿਤਸਰ ਦੇ ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ‘ਚ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਜ਼ੇਰੇ ਇਲਾਜ ਹੈ। ਜਗਦੀਪ ਸਿੰਘ ਹੈਰੋਇਨ ਤਸਕਰੀ ਦਾ ਧੰਦਾ ਕਰਦਾ ਰਿਹਾ ਹੈ। ਉਸ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਇਹ ਨਸ਼ਾ ਉਸ ਦੇ ਵੱਕਾਰ ਨੂੰ ਮਿੱਟੀ ‘ਚ ਮਿਲਾ ਦੇਵੇਗਾ ਤੇ ਉਸ ਦੀ ਪਤਨੀ ਵੀ ਨਸ਼ੇ ਦੀ ਦਲਦਲ ਵਿਚ ਫਸ ਜਾਵੇਗੀ।
ਇੰਡੀਆਜ਼ ਗੌਟ ਟੈਲੇਂਟ ਤੇ ਅਮੇਰਿਕਾਜ਼ ਗੌਟ ਟੈਲੇਂਟ ਸ਼ੋਅ ‘ਚ ਲੈ ਚੁੱਕੈ ਹਿੱਸਾ
ਨਸ਼ਾ ਸਮੱਗਲਿੰਗ ‘ਚ ਗ੍ਰਿਫਤਾਰ ਜਗਦੀਪ ਸਿੰਘ ਦੀ ਪਤਨੀ ਇਲਾਜ ਅਧੀਨ ਹੈ ਤੇ ਅਜੇ ਤਕ ਆਪਣਾ ਨਸ਼ਾ ਨਹੀਂ ਛੱਡ ਸਕੀ। ਜਗਦੀਪ ਸਿੰਘ ਨੇ ਇੰਡੀਆਜ਼ ਗੌਟ ਟੇਲੈਂਟ ਤੇ ਅਮੇਰਿਕਾਜ਼ ਗੌਟ ਟੈਲੇਂਟ ਸ਼ੋਅ ‘ਚ ਹਿੱਸਾ ਲੈ ਚੁੱਕਾ ਹੈ। ਪਰਿਵਾਰਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਸ ਨੇ ਕਾਂਸਟੇਬਲ ਦੀ ਨੌਕਰੀ ਛੱਡ ਦਿੱਤੀ ਸੀ।
ਇਸ ਤੋਂ ਬਾਅਦ ਉਹ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਹੋ ਗਿਆ। ਉਹ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ‘ਚ ਆਇਆ ਤੇ ਪਾਕਿਸਤਾਨ ਤੋਂ ਹੈਰੋਇਨ ਦੀ ਸਪਲਾਈ ਸ਼ੁਰੂ ਕਰ ਦਿੱਤੀ। ਪਿੰਡ ਜਠੌਲ ‘ਚ ਜਗਦੀਪ ਸਿੰਘ ਜਿਸ ਘਰ ਵਿੱਚ ਰਹਿੰਦਾ ਸੀ, ਉਸ ਘਰ ਨੂੰ ਤਾਲਾ ਲੱਗਿਆ ਹੋਇਆ ਹੈ।
ਕਰੀਬ 15 ਸਾਲਾਂ ਤੋਂ ਬੀਰ ਖਾਲਸਾ ਗੱਤਕਾ ਗਰੁੱਪ ਨਾਲ ਜੁੜੇ ਜਗਦੀਪ ਦੇ ਨਾਲ ਫੜੇ ਗਏ ਦੋ ਹੋਰ ਸਮੱਗਲਰਾਂ ਦਵਿੰਦਰ ਕੁਮਾਰ ਤੇ ਰਾਜ ਕੁਮਾਰ ਵਾਸੀ ਅੰਮ੍ਰਿਤਸਰ ਨੇ ਪੁੱਛਗਿੱਛ ਦੌਰਾਨ ਕੁਝ ਨਾਵਾਂ ਦਾ ਖੁਲਾਸਾ ਕੀਤਾ ਹੈ ਜੋ ਤਰਨਤਾਰਨ ਨਾਲ ਸਬੰਧਤ ਵੱਡੇ ਘਰਾਂ ਨਾਲ ਜੁੜੇ ਹੋਏ ਹਨ।