ਭਰਾਵਾਂ ਦੇ ਮਾਮੂਲੀ ਝਗੜੇ ਨੇ ਧਾਰਿਆ ਖੌਫਨਾਕ ਰੂਪ ! ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ਦਾ ਕੀਤਾ ਕਤਲ

0
548

ਫਰੀਦਕੋਟ, 17 ਨਵੰਬਰ | ਜੈਤੋ ਕਸਬੇ ਵਿਚ ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਕਾਰਨ ਇੱਕ ਵਿਅਕਤੀ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 23 ਸਾਲਾ ਕੁਲਦੀਪ ਸਿੰਘ ਉਰਫ਼ ਗਗਨ ਵਜੋਂ ਹੋਈ ਹੈ। ਸੂਚਨਾ ਤੋਂ ਬਾਅਦ ਥਾਣਾ ਜੈਤੋ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਘਟਨਾ ਸ਼ਨੀਵਾਰ ਰਾਤ ਕਰੀਬ 10 ਵਜੇ ਟਿੱਬੀ ਸਾਹਿਬ ਰੋਡ ‘ਤੇ ਵਾਪਰੀ। ਕੁਲਦੀਪ ਸਿੰਘ ਉਰਫ਼ ਗਗਨ ਜੋ ਕਿ ਡੀਜੇ ਗਰੁੱਪ ਨਾਲ ਕੰਮ ਕਰਦਾ ਹੈ, ਕੰਮ ‘ਤੇ ਜਾਣ ਦੀ ਤਿਆਰੀ ਕਰ ਰਿਹਾ ਸੀ, ਜਿਸ ਲਈ ਉਹ ਨਹਾਉਣ ਲਈ ਪਾਣੀ ਗਰਮ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਵੱਡੇ ਭਰਾ ਗੁਰਮੀਤ ਸਿੰਘ ਜੀਤਾ ਨੇ ਵੀ ਇਸ਼ਨਾਨ ਕਰਨ ਦੀ ਇੱਛਾ ਪ੍ਰਗਟਾਈ, ਜਿਸ ਤੋਂ ਬਾਅਦ ਗਰਮ ਪਾਣੀ ਨੂੰ ਲੈ ਕੇ ਦੋਵਾਂ ਭਰਾਵਾਂ ਵਿਚ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਗੁਰਮੀਤ ਸਿੰਘ ਜੀਤਾ ਨੇ ਗੁੱਸੇ ‘ਚ ਆ ਕੇ ਤੇਜ਼ਧਾਰ ਹਥਿਆਰ ਚੁੱਕ ਕੇ ਕੁਲਦੀਪ ਸਿੰਘ ‘ਤੇ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ।

ਜ਼ਖ਼ਮੀ ਕੁਲਦੀਪ ਸਿੰਘ ਘਰੋਂ ਭੱਜ ਕੇ ਦੂਜੀ ਗਲੀ ਵਿਚ ਪਹੁੰਚ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਹ ਗਲੀ ਵਿਚ ਡਿੱਗ ਪਿਆ। ਇਸ ਤੋਂ ਬਾਅਦ ਉਸ ਨੂੰ ਪਹਿਲਾਂ ਜੈਤੋ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਕੋਟਕਪੂਰਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਗੁਆਂਢੀ ਨੇ ਦੱਸਿਆ ਕਿ ਇਹ ਸਾਰੀ ਘਟਨਾ ਮਾਮੂਲੀ ਝਗੜੇ ਤੋਂ ਬਾਅਦ ਵਾਪਰੀ ਹੈ। ਥਾਣਾ ਜੈਤੋਂ ਦੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਿਲਹਾਲ ਕਤਲ ਦੇ ਠੋਸ ਕਾਰਨਾਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਜਾਂਚ ਦੇ ਆਧਾਰ ‘ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਕਾਰਵਾਈ ਕੀਤੀ ਜਾਵੇਗੀ।