ਚੰਡੀਗੜ੍ਹ : ਸੈਕਟਰ 42 ਸਥਿਤ ਸਰਕਾਰੀ ਕਾਲਜ ਫਾਰ ਗਰਲਜ਼ (ਜੀਸੀਜੀ) ਵਿੱਚ ਅੱਜ ਸਵੇਰੇ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ। ਮੁੱਢਲੀ ਜਾਣਕਾਰੀ ਅਨੁਸਾਰ ਲੜਕੀ ਦਾ ਮਾਨਸਿਕ ਇਲਾਜ ਚੱਲ ਰਿਹਾ ਸੀ। ਉਹ ਦਵਾਈ ਵੀ ਲੈ ਰਹੀ ਸੀ। ਅੱਜ ਸਵੇਰੇ ਇਹ ਵਿਦਿਆਰਥਣ ਕਾਲਜ ਦੀ ਚੌਥੀ ਮੰਜ਼ਿਲ ’ਤੇ ਖੜ੍ਹੀ ਸੀ। ਸੁਰੱਖਿਆ ਗਾਰਡ ਨੇ ਸੋਚਿਆ ਕਿ ਉਹ ਕੁਝ ਕਰ ਸਕਦੀ ਹੈ। ਜਿਵੇਂ ਹੀ ਉਹ ਉਸ ਵੱਲ ਭੱਜਿਆ ਤਾਂ ਲੜਕੀ ਨੇ ਛਾਲ ਮਾਰ ਦਿੱਤੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਜਾਣਕਾਰੀ ਮੁਤਾਬਕ ਲੜਕੀ ਦਾ ਨਾਂ ਇਸ਼ਿਤਾ ਹੈ। ਉਹ ਸੈਕਟਰ 39 ਵਿੱਚ ਰਹਿ ਰਹੀ ਸੀ। 19 ਸਾਲਾ ਲੜਕੀ ਕਾਲਜ ਵਿੱਚ ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਸੀ। ਇਸ਼ਿਤਾ ਦੀ ਮਾਂ ਨੇ ਦੱਸਿਆ ਕਿ ਉਹ ਮਾਨਸਿਕ ਤਣਾਅ ‘ਚ ਚੱਲ ਰਹੀ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ।
ਕਾਲਜ ਦਾ ਗੇਟਕੀਪਰ ਨਰਿੰਦਰ ਪਾਲ ਸਾਰੀ ਘਟਨਾ ਦਾ ਚਸ਼ਮਦੀਦ ਗਵਾਹ ਸੀ। ਉਹ ਲੜਕੀ ਨੂੰ ਬਚਾਉਣ ਲਈ ਭੱਜਿਆ ਵੀ ਪਰ ਉਦੋਂ ਤੱਕ ਉਹ ਛਾਲ ਮਾਰ ਚੁੱਕੀ ਸੀ। ਇਸ ਦੇ ਨਾਲ ਹੀ ਕਾਲਜ ਦੇ ਦੋ ਵਿਦਿਆਰਥੀ ਵੀ ਇਸ ਘਟਨਾ ਦੇ ਗਵਾਹ ਹਨ। ਇਸ਼ਿਤਾ ਨੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ ਹੈ।
ਜਾਣਕਾਰੀ ਮੁਤਾਬਕ ਲੜਕੀ ਦੀ ਮਾਂ ਪੰਜਾਬ ਪੁਲਿਸ ‘ਚ ਨੌਕਰੀ ਕਰਦੀ ਹੈ। ਇਸ ਦੇ ਨਾਲ ਹੀ ਪੁਲਿਸ ਪਰਿਵਾਰ ਅਤੇ ਕਾਲਜ ਵਿਦਿਆਰਥੀਆਂ ਤੋਂ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੋਈ ਹੈ। ਬੱਚੀ ਦੀ ਲਾਸ਼ ਨੂੰ ਸਵੇਰੇ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਰਖਵਾਇਆ ਗਿਆ। ਦੁਪਹਿਰ 3 ਵਜੇ ਤੱਕ ਵਿਦਿਆਰਥਣ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਪਹਿਲੀ ਨਜ਼ਰੇ ਕਿਸੇ ਦੀ ਭੂਮਿਕਾ ਨਜ਼ਰ ਨਹੀਂ ਆ ਰਹੀ ਹੈ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ। ਸੈਕਟਰ 36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।