ਜਾਅਲੀ ਫਰਮਾਂ ਬਣਾ ਕੇ ਲੋਕਾਂ ਨੂੰ ਠੱਗਣ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ, ਇੰਝ ਮਾਰਦਾ ਸੀ ਠੱਗੀਆਂ

0
162

ਹਰਿਆਣਾ, 11 ਫਰਵਰੀ | ਸਾਈਬਰ ਕ੍ਰਾਈਮ ਪੁਲਿਸ ਨੇ ਜਾਅਲੀ ਫਰਮਾਂ ਬਣਾ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਹਰਿਆਣਾ, ਰਾਜਸਥਾਨ ਅਤੇ ਮੁੰਬਈ ਵਿਚ ਸਰਗਰਮ ਸੀ। ਅੰਬਾਲਾ ਨਿਵਾਸੀ ਫਰਮ ਵਿਚ ਨਿਵੇਸ਼ ਕਰਨ ਦੇ ਬਦਲੇ 19 ਲੱਖ 40 ਹਜ਼ਾਰ ਰੁਪਏ ਦੀ ਸਾਈਬਰ ਧੋਖਾਧੜੀ ਵਿਚ ਫਸ ਗਿਆ ਸੀ। ਸਾਈਬਰ ਪੁਲਿਸ ਦੇ ਐਸਪੀ ਅਮਿਤ ਦਹੀਆ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦੱਸਿਆ ਕਿ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮਾਂ ਕੋਲੋਂ 10 ਮੋਬਾਇਲ ਬਰਾਮਦ ਹੋਏ ਹਨ। ਇਹ ਲੋਕ ਆਮ ਲੋਕਾਂ ਦੇ ਦਸਤਾਵੇਜ਼ ਜਮ੍ਹਾ ਕਰਵਾ ਕੇ ਜਾਅਲੀ ਰਜਿਸਟਰੇਸ਼ਨ ਫਾਰਮ ਕਰਦੇ ਸਨ। ਜਾਂਚ ਦੌਰਾਨ ਕਈ ਲੋਕਾਂ ਦੇ ਫੋਨਾਂ ਤੋਂ ਜਾਅਲੀ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਇਨ੍ਹਾਂ ਮੁਲਜ਼ਮਾਂ ਨੇ ਹਰਿਆਣਾ ਦੇ ਅੰਬਾਲਾ ਸਮੇਤ ਰਾਜਸਥਾਨ ਅਤੇ ਮੁੰਬਈ ਵਿਚ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸਾਈਬਰ ਕ੍ਰਾਈਮ ਪੁਲਿਸ ਨੇ ਇਨ੍ਹਾਂ 3 ਦੋਸ਼ੀਆਂ ਦਾ 6 ਦਿਨਾਂ ਦਾ ਰਿਮਾਂਡ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।